Former BJP Punjab : ਜਲੰਧਰ : ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਦੋਸ਼ ਲਗਾਇਆ ਹੈ ਕਿ ਯੂਥ ਕਾਂਗਰਸ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਵੀਰਵਾਰ ਜਲਾਲਾਬਾਦ ‘ਚ ਪੀੜਤ ਅਨੁਸੂਚਿਤ ਵਰਗ ਦੇ ਪਰਿਵਾਰ ਨਾਲ ਮਿਲਣ ਤੋਂ ਰੋਕਣ ਦੀ ਸਾਜਿਸ਼ ਰਚੀ ਸੀ। ਸਾਂਪਲਾ ਨੇ ਕਿਹਾ ਕਿ ਉਨ੍ਹਾਂ ਨੂੰ ਰੋਕਣ ਲਈ ਯੂਥ ਕਾਂਗਰਸ ਦੇ ਨੇਤਾਵਾਂ ਨੇ ਹੀ ਪ੍ਰਦਰਸ਼ਨ ਕਰਵਾਇਆ ਸੀ ਤੇ ਇਸ ‘ਚ ਪੁਲਿਸ ਵੀ ਸ਼ਾਮਲ ਸੀ।
ਜਲੰਧਰ ‘ਚ ਭਾਜਪਾ ਨੇਤਾਵਾਂ ਨੇ ਕਿਹਾ ਕਿ ਪੰਜਾਬ ‘ਚ ਅਨੁਸੂਚਿਤ ਵਰਗ ਦੇ ਲੋਕਾਂ ‘ਤੇ ਅਤਿਆਚਾਰ ਕੀਤੇ ਜਾ ਰਹੇ ਹਨ। ਜੋ ਲੋਕ ਇਨਸਾਫ ਲਈ ਆਵਾਜ਼ ਉਠਾਉਂਦੇ ਹਨ ਉਨ੍ਹਾਂ ਨੂੰ ਦਬਾਇਆ ਜਾ ਰਿਹਾ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੇ ਪ੍ਰਦਰਸ਼ਨ ਦੀ ਆੜ ‘ਚ ਯੂਥ ਕਾਂਗਰਸ ਨੇਤਾ ਹਰਮਨ ਭਦੋਹੀ ਨੇ ਉਨ੍ਹਾਂ ਖਿਲਾਫ ਘੇਰਾਬੰਦੀ ਕੀਤੀ ਸੀ। ਇਸ ਕੰਮ ‘ਚ ਪੁਲਿਸ ਵੀ ਸ਼ਾਮਲ ਸੀ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਜਲਾਲਾਬਾਦ ‘ਚ ਪੀੜਤ ਪਰਿਵਾਰ ਦੇ ਘਰ ਜਾਣ ਤੋਂ ਰੋਕਿਆ ਗਿਆ।
ਵਿਜੇ ਸਾਂਪਲਾ ਨੇ ਕਿਹਾ ਕਿ ਜੇਕਰ ਦੋ ਦਿਨ ‘ਚ ਅਨੁਸੂਚਿਤ ਜਾਤੀ ਵਰਗ ਦੇ ਨੌਜਵਾਨ ‘ਤੇ ਅਤਿਆਚਾਰ ਕਰਨ ਵਾਲੇ ਦੋਸ਼ੀ ਨਾ ਫੜੇ ਗਏ ਤੇ ਉਨ੍ਹਾਂ ਦੀ ਘੇਰਾਬੰਦੀ ਕਰਨ ਵਾਲੇ ਕਾਂਗਰਸ ਨੇਤਾਵਾਂ ‘ਤੇ ਕਾਰਵਾਈ ਨਾ ਹੋਈ ਤਾਂ ਪੂਰਾ ਸਮੁਦਾਇ ਸੰਘਰਸ਼ ਨੂੰ ਤਿਆਰ ਹੈ। ਉਹ ਅਗਲੇ 2 ਦਿਨ ‘ਚ ਸੰਘਰਸ਼ ਦੀ ਰਣਨੀਤੀ ਤੈਅ ਕਰ ਦੇਣਗੇ। ਪ੍ਰੈਸ ਕਾਨਫਰੰਸ ‘ਚ ਵਿਜੇ ਸਾਂਪਲਾ ਨਾਲ ਭਾਜਪਾ ਦੇ ਪ੍ਰਦੇਸ਼ ਉਪ ਪ੍ਰਧਾਨ ਰਾਜੇਸ਼ ਬੱਗਾ, ਜਿਲ੍ਹਾ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਭਾਜਪਾ ਐੱਸ. ਸੀ. ਮੋਰਚਾ ਦੇ ਪੰਜਾਬ ਪ੍ਰਧਾਨ ਰਾਜ ਕੁਮਾਰ ਅਟਵਾਲ, ਜਲੰਧਰ ਦੇ ਪ੍ਰਧਾਨ ਭੁਪਿੰਦਰ ਕੁਮਾਰ ਮਨਜੀਤ ਬਾਲੀ ਵੀ ਮੌਜੂਦ ਸਨ। ਭਾਜਪਾ ਨੇਤਾਵਾਂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਸਰਕਾਰ ਜਾਣਬੁਝ ਕੇ ਭਾਜਪਾ ਨੇਤਾਵਾਂ ‘ਤੇ ਹਮਲੇ ਕਰਵਾ ਰਹੀ ਹੈ। ਪਹਿਲਾਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹਮਲਾ ਕਰਵਾਇਆ ਗਿਆ ਤੇ ਹੁਣ ਵਿਜੇ ਸਾਂਪਲਾ ਖਿਲਾਫ ਸਾਜਿਸ਼ ਰਚੀ ਗਈ। ਸਾਂਪਲਾ ਨੇ ਕਿਹਾ ਕਿ ਹਾਥਰਸ ਦੀ ਘਟਨਾ ‘ਚ ਪੀੜਤਾਂ ਨੂੰ ਪੂਰਾ ਇਨਸਾਫ ਮਿਲ ਰਿਹਾ ਹੈ ਪਰ ਪੰਜਾਬ ‘ਚ ਇਨਸਾਫ ਮੰਗਣ ‘ਤੇ ਦਬਾਇਆ ਜਾ ਰਿਹਾ ਹੈ।