Farmers protesting against Raja Waring : ਮੁਕਤਸਰ : ਕੇਂਦਰ ਵੱਲੋਂ ਜਾਰੀ ਕੀਤੇ ਖ਼ੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸੂਬੇ ਦੇ ਕਿਸਾਨਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚੱਲਦਿਆਂ ਉਹ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਤੋਂ ਬਾਅਦ ਹੁਣ ਕਿਸਾਨਾਂ ਨੇ ਕਾਂਗਰਸ ਪਾਰਟੀ ਦੇ ਆਗੂ ’ਤੇ ਆਪਣਾ ਗੁੱਸਾ ਕੱਢਿਆ ਹੈ। ਗਿੱਦੜਬਾਹਾ ਤੋਂ ਵਿਧਾਇਕ ਅਤੇ ਮੁੱਖ ਮੰਤਰੀ ਦੇ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਉਨ੍ਹਾਂ ਦੇ ਆਪਣੇ ਹੀ ਹਲਕੇ ਦੇ ਇੱਕ ਪਿੰਡ ਵਿੱਚ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਦੇ ਦੌਰੇ ਦੌਰਾਨ ਕਾਲੇ ਝੰਡੇ ਵੀ ਦਿਖਾਏ ਗਏ।
ਦੱਸਣਯੋਗ ਹੈ ਕਿ ਰਾਜਾ ਵੜਿੰਗ ਅੱਜ ਮੁਕਤਸਰ ਦੇ ਪਿੰਡ ਗੁਰੂਸਰ ਵਿੱਚ ਪਹੁੰਚਦੇ ਸਾਰ ਹੀ ਸਾਰ ਹੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਾਲੇ ਝੰਡੇ ਦਿਖਾ ਕੇ ਮੁਰਦਾਬਾਦ ਦੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਵਿਧਾਇਕ ਰਾਜਾ ਵੜਿੰਗ ਇਸ ਪਿੰਡ ਵਿੱਚ ਆਪਣੇ ਵਰਕਰਾਂ ਨੂੰ ਮਿਲਣ ਲਈ ਪਹੁੰਚੇ ਸਨ। ਦੱਸਣਯੋਗ ਹੈ ਕਿ ਕਿਸਾਨ ਯੂਨੀਅਨ ਨਾਲ ਸੰਬੰਧਤ ਆਗੂਆਂ ਵੱਲੋਂ ਕੁਝ ਦਿਨ ਪਹਿਲਾਂ ਹੀ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਜਦੋਂ ਤੱਕ ਖੇਤੀ ਸੰਬੰਧੀ ਬਿੱਲ ਰੱਦ ਨਹੀਂ ਹੋ ਜਾਂਦੇ ਕਿਸਾਨ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਇਸ ਪਿੰਡ ਵਿੱਚ ਦਾਖਲ ਨਹੀਂ ਦੇਣਗੇ।
ਇਸ ਸੰਬੰਧੀ ਪਿੰਡ ਦੇ ਲੋਕਾਂ ਨੇ ਬਾਕਾਇਦਾ ਆਪੋ-ਆਪਣੇ ਘਰਾਂ ਦੇ ਬਾਹਰ ਸਟਿੱਕਰ ਲਗਾਏ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਿ ਉਨ੍ਹਾਂ ਦਾ ਕਿਸੇ ਵੀ ਇੱਕ ਸਿਆਸੀ ਪਾਰਟੀ ਨਾਲ ਸਾਡਾ ਕੋਈ ਨਿੱਜੀ ਵਿਰੋਧ ਨਹੀਂ, ਇਹ ਸ਼ਾਂਤੀਮਈ ਵਿਰੋਧ ਪ੍ਰਦਰਸ਼ਨ ਹੈ ਤੇ ਉਸ ਸਮੇਂ ਤੱਕ ਜਦੋਂ ਤੱਕ ਖੇਤੀ ਵਿਰੋਧੀ ਪਾਸ ਕੀਤੇ ਕਾਨੂੰਨ ਰੱਦ ਨਹੀਂ ਹੋ ਜਾਂਦੇ, ਓਨਾ ਚਿਰ ਕੋਈ ਵੀ ਪਾਰਟੀ ਦਾ ਨੁਮਾਇੰਦਾ ਇਸ ਪਿੰਡ ਵਿਚ ਦਾਖਲ ਹੋਵੇਗਾ ਤਾਂ ਅਸੀਂ ਇਸੇ ਤਰ੍ਹਾਂ ਨਾਲ ਵਿਰੋਧ ਪ੍ਰਦਰਸ਼ਨ ਕਰਾਂਗੇ, ਚਾਹੇ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਵੇ।