People living under tin sheds : ਚੰਡੀਗੜ੍ਹ : ਸੈਕਟਰ -52 ਅਤੇ 56 ਵਿੱਚ ਟੀਨ ਦੀਆਂ ਸ਼ੈੱਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਮਲੋਆ ਵਿੱਚ ਚਾਰ ਮੰਜ਼ਿਲਾ ਫਲੈਟਸ ਵਿੱਚ ਸ਼ਿਫਟ ਕੀਤਾ ਜਾਏਗਾ, ਜਿਥੇ ਇੱਕ ਅਲਾਟੀ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਕਿਰਾਇਆ ਵਸੂਲਿਆ ਜਾਵੇਗਾ। ਸ਼ਿਫਟਿਗੰ ਤੋਂ ਪਹਿਲਾਂ ਹਾਊਸਿੰਗ ਬੋਰਡ ਦੇ ਅਧਿਕਾਰੀਆਂ ਨੇ ਇਥੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਵਿੱਚ ਸਾਬਕਾ ਮੇਅਰ ਰਾਜੇਸ਼ ਕਾਲੀਆ, ਕਾਂਗਰਸ ਦੇ ਕੌਂਸਲਰ ਸਤੀਸ਼ ਕੈਂਥ ਅਤੇ ਕੌਂਸਲਰ ਚੰਦਰਵਤੀ ਸ਼ੁਕਲਾ ਦੇ ਪਤੀ ਗੋਪਾਲ ਸ਼ੁਕਲਾ ਸ਼ਾਮਲ ਹੋਏ। ਇਹ ਫਲੈਟ 25 ਸਾਲਾਂ ਲਈ ਕਿਰਾਏ ‘ਤੇ ਦਿੱਤੇ ਜਾਣਗੇ। ਕੌਂਸਲਰਾਂ ਨੇ ਕਿਹਾ ਕਿ ਟੀਨ ਸ਼ੈੱਡ ਤੋਂ ਸ਼ਿਫਟ ਹੋਣ ਵਾਲੇ ਲੋਕਾਂ ਦੇ ਨਾਮ ਹਾਊਸਿੰਗ ਬੋਰਡ ਦੀ ਵੈਬਸਾਈਟ ਉੱਤੇ ਅਪਲੋਡ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਅਲਾਟੀਆਂ ਦੀ ਸੂਚੀ ਤੋਂ ਜੇਕਰ ਕੋਈ ਇਤਰਾਜ਼ ਹੈ ਤਾਂ ਉਹ ਇਸ ਲਈ ਆਪਣੇ ਸੁਝਾਅ ਦੇ ਸਕਦੇ ਹਨ। ਸੁਝਾਅ ਦੀ ਮਿਤੀ 22 ਅਕਤੂਬਰ ਤੱਕ ਨਿਰਧਾਰਤ ਕੀਤੀ ਗਈ ਹੈ।
ਮੀਟਿੰਗ ਵਿੱਚ ਸ਼ਿਫਟਿੰਗ ਕਰਨ ਦਾ ਪੂਰਾ ਪਲਾਨ ਬਣਾਇਆ ਗਿਆ। ਇਸ ਦੇ ਲਈ ਇਕ ਕੈਂਪ ਲਗਾਇਆ ਜਾਵੇਗਾ, ਜਿਥੇ ਅਲਾਟੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਕੈਂਪ ਵਿੱਚ ਸਿੰਗਲ ਵਿੰਡੋ ਦੀ ਸਹੂਲਤ ਦਿੱਤੀ ਜਾਵੇਗੀ। ਟੀਨ ਸ਼ੈਡ ਵਿਚ ਰਹਿਣ ਵਾਲੇ ਲੋਕਾਂ ਨੂੰ ਬਿਨੈ ਪੱਤਰ ਵੰਡਿਆ ਜਾਵੇਗਾ ਤਾਂ ਜੋ ਉਹ ਜਿੰਨੀ ਜਲਦੀ ਹੋ ਸਕੇ ਆਪਣੇ ਦਸਤਾਵੇਜ਼ਾਂ ਨੂੰ ਪੂਰਾ ਕਰ ਸਕਣ। ਕਿਰਾਏ ’ਤੇ ਲੈਣ ਲਈ ਫਲੈਟਾਂ ਦੇ ਡਰਾਅ ਕੱਢੇ ਜਾਣਗੇ। ਕਾਂਗਰਸ ਦੇ ਕੌਂਸਲਰ ਸਤੀਸ਼ ਕੈਂਥ ਨੇ ਕਿਹਾ ਕਿ ਲੌਕਡਾਊਨ ਦੌਰਾਨ ਬਹੁਤ ਸਾਰੇ ਲੋਕ ਆਪਣੇ ਘਰੇਲੂ ਰਾਜ ਛੱਡ ਗਏ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਕਿਰਾਏ ‘ਤੇ ਫਲੈਟ ਦੇਣ ਬਾਰੇ ਵੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।