Another farmer dies while : ਪਟਿਆਲਾ ਜ਼ਿਲ੍ਹੇ ਵਿੱਚ ਕੇਂਦਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨ ਖ਼ਿਲਾਫ਼ ਧਰਨੇ ’ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ, ਜਿਥੇ ਪ੍ਰਦਰਸ਼ਨ ਵਿੱਚ ਸ਼ਾਮਲ ਕਿਸਾਨ ਹਰਬੰਸ ਸਿੰਘ ਦੀ ਧਰਨੇ ਦੌਰਾਨ ਜਾਨ ਚਲੀ ਗਈ। ਦੱਸਣਯੋਗ ਹੈ ਕਿ ਕਿਸਾਨ ਹਰਬੰਸ ਸਿੰਘ ਸਰਕਾਰ ਖਿਲਾਫ ਨਾਅਰੇ ਲਗਾ ਰਿਹਾ ਸੀ ਤਾਂ ਅਚਾਨਕ ਹੇਠਾਂ ਡਿੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਡਾਕਟਰਾਂ ਨੇ ਊਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਣਯੋਗ ਹੈ ਕਿ ਪਿਛਲੇ 12 ਦਿਨਾਂ ਵਿੱਚ ਧਰਨੇ ਦੌਰਾਨ ਇਹ ਕਿਸਾਨ ਦੀ ਚੌਥੀ ਮੌਤ ਹੈ।
ਦੱਸ ਦੇਈਏ ਕਿ 5 ਅਕਤੂਬਰ ਨੂੰ ਬਰਨਾਲਾ ਦੇ ਮਹਿਲ ਕਲਾਂ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ‘ਤੇ ਬੈਠੇ ਕਿਸਾਨ ਆਗੂ ਜਸਪਾਲ ਸਿੰਘ ਦੀ ਮੌਤ ਹੋਈ ਸੀ, ਜੋਕਿ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੇ ਸਾਥੀ ਕਿਸਾਨਾਂ ਨੇ ਦੱਸਿਆ ਸੀ ਕਿ ਜਸਪਾਲ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ, 68 ਸਾਲਾ ਜਸਪਾਲ ਸਿੰਘ ਲੋਕਤਾਂਤ੍ਰਿਕ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਨ ਅਤੇ 4 ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨਾ ਦੇ ਰਹੇ ਸਨ। ਉਥੇ ਹੀ 10 ਅਕਤੂਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਧੂਰੀ ‘ਚ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਵਿੱਚ ਇੱਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਜਦੋਂ ਧੂਰੀ ਵਿੱਚ ਪੈਟਰੋਲ ਪੰਪ ਦੇ ਅੱਗੇ ਕਿਸਾਨਾਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਸੀ ਤਾਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਨਾਗਰੀ ਦੇ ਕਿਸਾਨ ਮੇਘਰਾਜ ਸਿੰਘ ਦੀ ਮੌਤ ਹੋ ਗਈ। ਉਸ ਤੋਂ ਬਾਅਦ 15 ਅਕਤੂਬਰ ਨੂੰ ਸੰਗਰੂਰ ਦੇ ਪਿੰਡ ਭੁੱਲਰ ਹੇੜੀ ਦੇ ਰਹਿਣ ਵਾਲੇ ਕਿਸਾਨ ਲਾਭ ਸਿੰਘ ਦੀ ਮੌਤ ਹੋ ਗਈ, ਜੋਕਿ ਰਾਤ ਨੂੰ ਧਰਨੇ ‘ਤੇ ਬੈਠਾ ਸੀ। ਅਚਾਨਕ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਦੀ ਮੌਤ ਹੋ ਗਈ।
ਕਿਸਾਨਾਂ ਨੇ ਇਨ੍ਹਾਂ ਮੌਤਾਂ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਨੂੰ ਠਹਿਰਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨ ਧਰਨੇ ’ਤੇ ਬੈਠੇ ਹਨ ਪਰ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਅਤੇ ਕਿਸਾਨਾਂ ਦੀ ਜਾਨ ਜਾ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਹੈ ਕਿ ਧਰਨੇ ਦੌਰਾਨ ਮਰਨ ਵਾਲੇ ਕਿਸਾਨਾਂ ਦੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਸਾਰਾ ਕਰਜ਼ਾ ਮਾਫ ਕੀਤਾ ਜਾਵੇ।