A youth tried : ਜਲੰਧਰ ਕਮਿਸ਼ਨਰ ਆਫਿਸ ‘ਚ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਅੱਜ ਦੁਪਿਹਰੇ ਰੇਲਵੇ ਦੇ ਇੱਕ ਨੌਜਵਾਨ ਨੇ ਨੀਂਦ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬਾਅਦ ‘ਚ ਹਸਪਤਾਲ ਲਿਜਾਇਆ ਗਿਆ। ਹੁਣ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਨੌਜਵਾਨ ਪੁਲਿਸ ਦੀ ਲਾਪ੍ਰਵਾਹੀ ਦੀ ਸ਼ਿਕਾਇਤ ਲੈ ਕੇ ਕਮਿਸ਼ਨਰ ਆਫਿਸ ਪੁੱਜਾ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਤੰਗ ਆ ਕੇ ਉਸ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ।
ਜਾਣਕਾਰੀ ਦਿੰਦਿਆਂ ਸੰਦੀਪ ਆਨੰਦ ਨੇ ਦੱਸਿਆ ਕਿ ਉਸ ਦਾ ਰਿਸ਼ਤੇਦਾਰਾਂ ਨਾਲ ਪੈਸਿਆਂ ਨੂੰ ਲੈ ਕੇ ਲੈਣ-ਦੇਣ ਚੱਲ ਰਿਹਾ ਹੈ। ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਦੋਸ਼ੀਆਂ ਖਿਲਾਫ ਧੋਖਾਦੇਹੀ ਦਾ ਕੇਸ ਦਰਜ ਕੀਤਾ ਸੀ ਪਰ ਦੋ ਮਹੀਨੇ ਤੋਂ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ। ਉਹ ਰੋਜ਼ਾਨਾ ਕਮਿਸ਼ਨਰ ਦਫਤਰ ਦੇ ਚੱਕਰ ਕੱਟ ਰਿਹਾ ਹੈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ। ਸੰਦੀਪ ਆਨੰਦ ਨੇ ਦੱਸਿਆ ਅੱਜ ਜਦੋਂ ਉਹ ਡੀ. ਸੀ. ਦਫਤਰ ਪੁੱਜਾ ਤਾਂ ਕਿਸੇ ਨੇ ਵੀ ਉਸ ਦੀ ਗੱਲ ਤੱਕ ਨਹੀਂ ਸੁਣੀ ਜਿਸ ਕਾਰਨ ਉਸ ਨੇ ਨੀਂਦ ਦੀਆਂ ਗੋਲੀਆਂ ਖਾ ਲਈਆਂ। DCP ਗੁਰਮੀਤ ਸਿੰਘ ਨੇ ਦੱਸਿਆ ਕਿ ਸੰਦੀਪ ਆਨੰਦ ਵੱਲੋਂ ਕੇਸ ਦਰਜ ਕੀਤਾ ਗਿਆ ਪਰ ਦੂਜੇ ਪੱਖ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਗ੍ਰਿਫਤਾਰੀ ਕੀਤੀ ਜਾਵੇਗੀ।