Gold prices today fall: ਇਸ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਵੀ ਸੋਨਾ ਗਿਰਾਵਟ ਨਾਲ ਖੁੱਲ੍ਹਿਆ ਹੈ।ਦਰਅਸਲ, ਮੰਗਲਵਾਰ ਨੂੰ ਘਰੇਲੂ ਬਾਜ਼ਾਰ ਵਿੱਚ ਸੋਨਾ-ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ। ਘਰੇਲੂ ਬਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ 56,200 ਰੁਪਏ ਪ੍ਰਤੀ 10 ਗ੍ਰਾਮ ਤੋਂ ਘਟ ਕੇ 50,584 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈਆਂ ਹਨ । ਇਸ ਲਿਹਾਜ ਨਾਲ ਇੱਕ ਮਹੀਨੇ ਵਿੱਚ ਸੋਨਾ 5,616 ਰੁਪਏ ਪ੍ਰਤੀ 10 ਗ੍ਰਾਮ ਤੱਕ ਸਸਤਾ ਹੋ ਗਿਆ ਹੈ। ਉੱਥੇ ਹੀ ਅਗਸਤ ਵਿੱਚ ਚਾਂਦੀ ਦੀ ਕੀਮਤ 80,000 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ, ਜੋ ਅੱਜ ਡਿੱਗ ਕੇ 61,250 ਰੁਪਏ ‘ਤੇ ਆ ਗਈ ਹੈ। ਇਸ ਲਈ ਚਾਂਦੀ ਦੀ ਕੀਮਤ ਵਿੱਚ 18,118 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਆ ਚੁੱਕੀ ਹੈ।
ਅੱਜ ਫਿਰ ਸਸਤਾ ਹੋਇਆ ਸੋਨਾ
ਵਿਦੇਸ਼ੀ ਬਾਜ਼ਾਰਾਂ ਤੋਂ ਮਿਲੇ ਕਮਜ਼ੋਰ ਰੁਝਾਨ ਕਾਰਨ ਮੰਗਲਵਾਰ ਨੂੰ ਘਰੇਲੂ ਬਾਜ਼ਾਰ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖਣ ਮਿਲੀ ਹੈ। ਕਮੋਡਿਟੀ ਐਕਸਚੇਂਜ ‘ਤੇ ਦਸੰਬਰ ਡਿਲੀਵਰੀ ਵਾਲਾ ਸੋਨਾ ਵਾਅਦਾ 0.2 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 50,584 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ, ਜਦੋਂਕਿ ਚਾਂਦੀ ਵਾਅਦਾ 0.35% ਦੀ ਗਿਰਾਵਟ ਦੇ ਨਾਲ 61,882 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਈ। ਪਿਛਲੇ ਸੈਸ਼ਨ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ 0.24% ਦਾ ਵਾਧਾ ਹੋਇਆ ਸੀ, ਜਦੋਂਕਿ ਚਾਂਦੀ ਵਿੱਚ 0.6% ਦਾ ਵਾਧਾ ਹੋਇਆ ਸੀ।
ਕਿਉਂ ਆ ਰਹੀ ਸੋਨੇ ‘ਚ ਗਿਰਾਵਟ
ਵਿਸ਼ਵ ਵਿਆਪੀ ਤੌਰ ‘ਤੇ ਡਾਲਰ ਵਿੱਚ ਰਿਕਵਰੀ ਅਤੇ ਅਮਰੀਕੀ ਰਾਹਤ ਪੈਕੇਜਾਂ ਦੀ ਗੱਲਬਾਤ ‘ਤੇ ਅਨਿਸ਼ਚਿਤਤਾ ਦੇ ਚੱਲਦਿਆਂ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਗਲੋਬਲ ਬਾਜ਼ਾਰਾਂ ਵਿੱਚ ਸਪਾਟ ਸੋਨਾ 0.1% ਦੀ ਗਿਰਾਵਟ ਦੇ ਨਾਲ 1,898.16 ਡਾਲਰ ਪ੍ਰਤੀ ਔਂਸ ‘ਤੇ ਆ ਗਿਆ। ਹੋਰ ਕੀਮਤੀ ਧਾਤਾਂ ਵਿੱਚ ਚਾਂਦੀ 0.3% ਦੀ ਗਿਰਾਵਟ ਦੇ ਨਾਲ 24.43 ਡਾਲਰ ਪ੍ਰਤੀ ਔਂਸ ‘ਤੇ ਆ ਗਈ। ਪਲੈਟੀਨਮ ਅਤੇ ਪੈਲੇਡੀਅਮ 0.1% ਦੀ ਤੇਜ਼ੀ ਨਾਲ 857.85 ਡਾਲਰ ਪ੍ਰਤੀ ਡਾਲਰ ‘ਤੇ ਪਹੁੰਚ ਗਿਆ।
ਦੀਵਾਲੀ ਦੇ ਬਾਅਦ ਆ ਸਕਦੀ ਹੈ ਤੇਜ਼ੀ
ਬਾਜ਼ਾਰ ਮਾਹਰਾਂ ਅਨੁਸਾਰ ਦੀਵਾਲੀ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਹੋ ਸਕਦਾ ਹੈ। ਦਸੰਬਰ ਦੇ ਅੰਤ ਤੱਕ ਸੋਨਾ ਇਸ ਦੇ ਸਰਵ-ਉੱਚੇ ਪੱਧਰ ‘ਤੇ ਪਹੁੰਚ ਸਕਦਾ ਹੈ। ਸੋਨੇ ਵਿੱਚ ਹਰ 500 ਤੋਂ 600 ਰੁਪਏ ਦੀ ਗਿਰਾਵਟ ‘ਤੇ ਨਿਵੇਸ਼ ਕੀਤਾ ਜਾ ਸਕਦਾ ਹੈ। ਮਾਹਿਰਾਂ ਅਨੁਸਾਰ ਦੀਵਾਲੀ ਤੋਂ ਬਾਅਦ ਸੋਨਾ 52500 ਤੋਂ 53000 ਰੁਪਏ ਪ੍ਰਤੀ 10 ਗ੍ਰਾਮ ਜਾ ਸਕਦਾ ਹੈ।