Two Punjab police : ਪੰਜਾਬ ਪੁਲਿਸ ਜੋ ਕਿ ਪੂਰੀ ਤਨਦੇਹੀ ਤੇ ਈਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ ਪਰ ਕੁਝ ਕੁ ਗਲਤ ਅਨਸਰ ਵਾਲੇ ਪੁਲਿਸ ਮੁਲਾਜ਼ਮਾਂ ਕਾਰਨ ਪੂਰੀ ਪੁਲਿਸ ਟੀਮ ਨੂੰ ਬਦਨਾਮ ਹੋਣਾ ਪੈਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਤਿਹਗੜ੍ਹ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਨੂੰ ਨਸ਼ਾ ਸਮਗਲਿੰਗ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ 1 ਕਿਲੋ ਅਫੀਮ ਅਤੇ 7 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈ। SSP ਅਮਨੀਤ ਕੌਂਡਲ ਨੇ ਬੁਲਾਰੇ ਨੂੰ ਦੱਸਿਆ ਕਿ 17 ਅਕਤੂਬਰ ਦੀ ਰਾਤ ਨੂੰ ASI ਜਸਪਾਲ ਸਿੰਘ ਨੇ ਪੁਲਿਸ ਪਾਰਟੀ ਨਾਲ ਲੁਧਿਆਣਾ-ਚੰਡੀਗੜ੍ਹ ਮਾਰਗ ‘ਤੇ ਬੋਪਾਰਾਏ ਢਾਬੇ ਕੋਲ ਖਮਾਣੋਂ ‘ਚ ਨਾਕਾ ਲਗਾਇਆ ਸੀ।
ਇਸ ਦੌਰਾਨ ਰਾਤ 9.59 ਵਜੇ ਸਮਰਾਲਾ ਵੱਲੋਂ ਆ ਰਹੀ ਇੱਕ ਬ੍ਰਿਜਾ ਕਾਰ ਨੂੰ ASI ਜਸਪਾਲ ਸਿੰਘ ਨੇ ਰੋਕ ਕੇ ਤਲਾਸ਼ੀ ਲਈ ਤਾਂ 1 ਕਿਲੋ ਅਫੀਮ ਅਤੇ 7 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਕਾਰ ਚਾਲਕ ਨਵਜੋਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ‘ਚ ਥਾਣਾ ਖਮਾਣੋਂ ‘ਚ ਕੇਸ ਦਰਜ ਕੀਤਾ ਗਿਆ। ਪੁੱਛਗਿਛ ‘ਚ ਦੋਸ਼ੀ ਨਵਜੋਤ ਸਿੰਘ ਨੇ ਦੱਸਿਆ ਕਿ ਉਹ ਪੰਜਾਬ ‘ਚ ਬਤੌਰ ਕਾਂਸਟੇਬਲ ਤਾਇਨਾਤ ਹੈ ਅਤੇ ਆਪਣੇ ਦੋਸਤ ਕਾਂਸਟੇਬਲ ਰਣਬੀਰ ਸਿੰਘ, ਜੋ ਨਾਰਕੋਟਿਕਸ ਸੈੱਲ ਲੁਧਿਆਣਾ ‘ਚ ਤਾਇਨਾਤ ਹਨ, ਉਸ ਨਾਲ ਨਸ਼ਾ ਲਿਆ ਕੇ ਵੇਚਦਾ ਹੈ। SSP ਨੇ ਦੱਸਿਆ ਕਿ ਦੋਸ਼ੀ ਨਵਜੋਤ ਸਿੰਘ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ 5 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਸ਼ੀ ਨਵਜੋਤ ਸਿੰਘ ਤੋਂ ਡਰੱਗ ਮਨੀ ਤੋਂ ਖਰੀਦੀ ਗਈ ਬ੍ਰਿਜਾ ਕਾਰ, ਸਕੂਟਰ ਤੇ ਬੁਲੇਟ ਮੋਟਰਸਾਈਕਲ ਬਰਾਮਦ ਕਰਕੇ ਕਬਜ਼ੇ ‘ਚ ਲੈ ਲਿਆ ਗਿਆ ਹੈ।
SSP ਨੇ ਦੱਸਿਆ ਕਿ ਇਸ ਕੇਸ ‘ਚ ਕਾਂਸਟੇਬਲ ਰਣਵੀਰ ਸਿੰਘ ਨੂੰ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਇਸ ਮਾਮਲੇ ‘ਚ ਇਕ ਹੋਰ ਸਮਗਲਰ ਹਰਚੰਦ ਸਿੰਘ ਉਰਫ ਚੰਦ ਪਾਸੀ ਲੋਪੋ ਥਾਣਾ ਸਮਰਾਲਾ ਜਿਲ੍ਹਾ ਲੁਧਿਆਣਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਜਿਸ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਹੁਣ ਤੱਕ ਦੀ ਪੁੱਛਗਿਛ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਕਾਂਸਟੇਬਲ 2015 ਤੋਂ ਨਸ਼ਾ ਵੇਚ ਰਹੇ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਇਸ ਕੇਸ ਨਾਲ ਜੁੜੇ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।