ahmedabad to host pink ball test: ਕ੍ਰਿਕਟ ਬੋਰਡ ਆਫ਼ ਇੰਡੀਆ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਮੰਗਲਵਾਰ ਨੂੰ ਕੋਲਕਾਤਾ ਵਿੱਚ ਕਿਹਾ ਕਿ ਅਹਿਮਦਾਬਾਦ ਅਗਲੇ ਸਾਲ ਦੇ ਸ਼ੁਰੂ ਵਿੱਚ ਇੰਗਲੈਂਡ ਦੇ ਭਾਰਤ ਦੌਰੇ ਦੌਰਾਨ ਡੇ-ਨਾਈਟ ਟੈਸਟ ਦੀ ਮੇਜ਼ਬਾਨੀ ਕਰੇਗਾ। ਇੰਗਲੈਂਡ ਨੇ ਅਗਲੇ ਸਾਲ ਜਨਵਰੀ ਤੋਂ ਮਾਰਚ ਤੱਕ ਪੰਜ ਟੈਸਟ ਅਤੇ ਸੀਮਤ ਓਵਰਾਂ ਦੀ ਲੜੀ ਲਈ ਭਾਰਤ ਦਾ ਦੌਰਾ ਕਰਨਾ ਹੈ। ਕੋਲਕਾਤਾ ਪ੍ਰੈਸ ਕਲੱਬ ਵਿਖੇ ਸੀਪੀਆਈ (ਐਮ) ਦੇ ਵਿਧਾਇਕ ਅਸ਼ੋਕ ਭੱਟਾਚਾਰੀਆ ਦੀ ਕਿਤਾਬ ਜਾਰੀ ਕਰਦਿਆਂ ਗਾਂਗੁਲੀ ਨੇ ਕਿਹਾ, “ਅਹਿਮਦਾਬਾਦ ਦਿਨ-ਰਾਤ ਦੇ ਟੈਸਟ ਦੀ ਮੇਜ਼ਬਾਨੀ ਕਰੇਗਾ।” ਇਹ ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਵਿੱਚ ਕੋਵਿਡ -19 ਮਾਮਲਿਆਂ ਦੇ ਤਾਜ਼ਾ ਵਾਧੇ ਨੂੰ ਦੇਖਦੇ ਹੋਏ ਇਸ ਲੜੀ ਨੂੰ ਯੂਏਈ ਤਬਦੀਲ ਕੀਤਾ ਜਾ ਸਕਦਾ ਹੈ, ਜਿੱਥੇ ਇਸ ਵੇਲੇ ਆਈਪੀਐਲ 2020 ਚੱਲ ਰਿਹਾ ਹੈ। ਹਾਲਾਂਕਿ, ਬੀ.ਸੀ.ਸੀ.ਆਈ. ਖੁਦ ਹੀ ਇੰਗਲੈਂਡ ਦੀ ਦੇਸ਼ ਵਿੱਚ ਮੇਜ਼ਬਾਨੀ ਕਰਨ ਲਈ ਵਚਨਬੱਧ ਹੈ ਅਤੇ ਪਹਿਲਾਂ ਹੀ ਸਾਰੇ ਵਿਕਲਪਾਂ ‘ਤੇ ਵਿਚਾਰ ਕਰ ਰਿਹਾ ਹੈ, ਜਿਸ ਵਿੱਚ ਜੀਵ-ਵਿਗਿਆਨਕ ਤੌਰ ‘ਤੇ ਸੁਰੱਖਿਅਤ ਵਾਤਾਵਰਣ ਪੈਦਾ ਕਰਨਾ ਸ਼ਾਮਿਲ ਹੈ। ਅਹਿਮਦਾਬਾਦ, ਧਰਮਸ਼ਾਲਾ ਅਤੇ ਕੋਲਕਾਤਾ ਟੈਸਟ ਸੀਰੀਜ਼ ਦੇ ਤਿੰਨ ਸੰਭਾਵਿਤ ਸਥਾਨ ਹੋ ਸਕਦੇ ਹਨ, ਪਰ ਗਾਂਗੁਲੀ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਕੋਈ ਆਖਰੀ ਫੈਸਲਾ ਨਹੀਂ ਲਿਆ ਹੈ।
ਗਾਂਗੁਲੀ ਨੇ ਕਿਹਾ, “ਅਸੀਂ ਕੁੱਝ ਅਸਥਾਈ ਯੋਜਨਾਵਾਂ ਬਣਾ ਲਈਆਂ ਹਨ, ਪਰ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਸਾਡੇ ਕੋਲ ਅਜੇ ਚਾਰ ਮਹੀਨੇ ਬਾਕੀ ਹਨ।” ਬੀਸੀਸੀਆਈ ਦੇ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਆਗਾਮੀ ਆਸਟ੍ਰੇਲੀਆ ਦੌਰਾ ਹੈ, ਜਿਸ ਲਈ ਕੁੱਝ ਦਿਨਾਂ ਵਿੱਚ ਟੀਮ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ, “ਇੰਗਲੈਂਡ ਤੋਂ ਪਹਿਲਾਂ ਆਸਟ੍ਰੇਲੀਆ ਖ਼ਿਲਾਫ਼ ਲੜੀ ਹੈ। ਟੀਮ ਦੀ ਚੋਣ ਕੁੱਝ ਦਿਨਾਂ ਵਿੱਚ ਕੀਤੀ ਜਾਏਗੀ।” ਗਾਂਗੁਲੀ ਨੇ ਕਿਹਾ ਕਿ ਆਈਪੀਐਲ ਤੋਂ ਤੁਰੰਤ ਬਾਅਦ ਖਿਡਾਰੀਆਂ ਨੂੰ ਟੈਸਟ ਫਾਰਮੈਟ ਦੀ ਪਾਲਣਾ ਕਰਨਾ ਮੁਸ਼ਕਿਲ ਨਹੀਂ ਹੋਏਗੀ। ਉਨ੍ਹਾਂ ਨੇ ਕਿਹਾ, “ਉਹ ਸਾਰੇ ਉੱਚ ਪੱਧਰੀ ਖਿਡਾਰੀ ਹਨ, ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਹੋਏਗੀ।” ਬੀਸੀਸੀਆਈ ਨੇ ਰਣਜੀ ਟਰਾਫੀ 1 ਜਨਵਰੀ ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਅਤੇ ਗਾਂਗੁਲੀ ਨੇ ਕਿਹਾ ਕਿ ਆਉਣ ਵਾਲੀ ਸਾਲਾਨਾ ਆਮ ਬੈਠਕ ਵਿੱਚ ਇਸ ‘ਤੇ ਵਿਚਾਰ ਕੀਤਾ ਜਾਵੇਗਾ। ਜਾਰੀ ਕੀਤੀ ਗਈ ਕਿਤਾਬ ਵਿੱਚ 71 ਸਾਲਾ ਭੱਠਾਚਾਰੀਆ, ਜੋ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ, ਨੇ ਇਸ ਮਾਰੂ ਵਾਇਰਸ ਨਾਲ ਨਜਿੱਠਣ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕੀਤਾ ਹੈ।