Started rotation process of troops: ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਇਸ ਦੌਰਾਨ ਫੌਜ ਨੇ ਰੋਟੇਸ਼ਨ ‘ਤੇ ਜਵਾਨਾਂ ਦੀ ਤਾਇਨਾਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਲੰਬੇ ਸਮੇਂ ਤੱਕ LAC ‘ਤੇ ਬਣੇ ਰਹਿਣ ਦੀ ਰਣਨੀਤੀ ਵਜੋਂ ਦੇਖਿਆ ਜਾ ਰਿਹਾ ਹੈ। ਫੌਜ ਦੇ ਸੂਤਰਾਂ ਨੇ ਕਿਹਾ ਕਿ ਮੁਸ਼ਕਿਲ ਅਤੇ ਅਸਮਰੱਥ ਥਾਵਾਂ ‘ਤੇ ਫੌਜੀਆਂ ਦੀ ਤਾਇਨਾਤੀ ਵਿੱਚ ਰੋਟੇਸ਼ਨ ਪ੍ਰਕਿਰਿਆ ਅਪਣਾਈ ਜਾਂਦੀ ਹੈ। ਇਸਦੇ ਪਿੱਛੇ ਮਨੋਰਥ ਇਹ ਹੁੰਦਾ ਹੈ ਕਿ ਲੰਬੇ ਸਮੇਂ ਤੱਕ ਜਵਾਨਾਂ ਨੂੰ ਅਜਿਹੀ ਉਚਾਈ ਵਾਲੀਆਂ ਥਾਵਾਂ ‘ਤੇ ਠਹਿਰਾਇਆ ਨਹੀਂ ਜਾਣਾ ਚਾਹੀਦਾ। ਉੱਥੇ ਹੀ ਹੋਰ ਜਵਾਨਾਂ ਨੂੰ ਉੱਥੇ ਭੇਜ ਕੇ ਉਨ੍ਹਾਂ ਦੀ ਲੜਾਈ ਦੀ ਸਮਰੱਥਾ ਨੂੰ ਮਜ਼ਬੂਤ ਕਰਨਾ ਹੈ। ਇਸ ਲਈ ਉਨ੍ਹਾਂ ਨੂੰ ਦੋ-ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਹਟਾ ਦਿੱਤਾ ਜਾਂਦਾ ਹੈ ਅਤੇ ਹੋਰ ਜਵਾਨ ਭੇਜ ਦਿੱਤੇ ਜਾਂਦੇ ਹਨ।
ਸੂਤਰਾਂ ਅਨੁਸਾਰ ਇਹ ਪ੍ਰਕਿਰਿਆ ਪੂਰਬੀ ਲੱਦਾਖ ਵਿੱਚ ਵੀ ਸ਼ੁਰੂ ਕੀਤੀ ਗਈ ਹੈ । ਕਿਉਂਕਿ ਉੱਥੇ ਫੌਜ ਚਾਰ-ਛੇ ਮਹੀਨਿਆਂ ਤੋਂ ਤਾਇਨਾਤ ਹੈ। ਜੋ ਫੌਜੀ ਪਹਿਲਾਂ ਹੀ ਉੱਥੇ ਤਾਇਨਾਤ ਸਨ, ਉਨ੍ਹਾਂ ਨੂੰ ਮੈਦਾਨੀ ਇਲਾਕਿਆਂ ਵਿੱਚ ਭੇਜਿਆ ਜਾ ਰਿਹਾ ਹੈ ਅਤੇ ਨਵੇਂ ਫੌਜੀਆਂ ਨੂੰ ਉੱਥੋਂ ਭੇਜਿਆ ਜਾ ਰਿਹਾ ਹੈ । ਉੱਥੇ ਨਵੇਂ ਫੌਜੀ ਭੇਜਣ ਤੋਂ ਪਹਿਲਾਂ ਲੋੜੀਂਦੀ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਫੌਜੀਆਂ ਦੀ ਗਿਣਤੀ ਨਹੀਂ ਵਧਾਈ ਜਾ ਰਹੀ ਹੈ । ਸਿਰਫ ਜਵਾਨਾਂ ਨੂੰ ਬਦਲਿਆ ਜਾ ਰਿਹਾ ਹੈ।
ਇਸ ਤੋਂ ਅੱਗੇ ਫੌਜੀ ਸੂਤਰਾਂ ਨੇ ਦੱਸਿਆ ਕਿ ਫੌਜ ਦੀ ਰੋਟੇਸ਼ਨ ਰਾਹੀਂ ਅਸੀਂ ਸਰਦੀਆਂ ਦੌਰਾਨ ਤਾਇਨਾਤੀ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਹੈ। ਅਗਾਮੀ ਗੱਲਬਾਤ ਵਿੱਚ ਇਹ ਇਸ ਗੱਲ ‘ਤੇ ਨਿਰਭਰ ਕਰੇਗਾ ਕਿ ਫੌਜਾਂ ਦੀ ਵਾਪਸੀ ਹੁੰਦੀ ਹੈ ਜਾਂ ਉੱਥੇ ਤਾਇਨਾਤੀ ਕਾਇਮ ਰਹਿੰਦੀ ਹੈ। ਦੱਸ ਦਈਏ ਕਿ ਦੋਵੇਂ ਦੇਸ਼ਾਂ ਦੇ ਪੰਜਾਹ ਹਜ਼ਾਰ ਤੋਂ ਵੱਧ ਜਵਾਨ LAC ‘ਤੇ ਤਾਇਨਾਤ ਹਨ। ਦੋਵਾਂ ਦੇਸ਼ਾਂ ਵਿੱਚ ਫੌਜ ਪਿੱਛੇ ਹਟਾਉਣ ਨੂੰ ਲੈ ਕੇ ਲਗਾਤਾਰ ਗੱਲਬਾਤ ਹੋ ਰਹੀ ਹੈ, ਪਰ ਕੋਈ ਹੱਲ ਨਹੀਂ ਮਿਲ ਰਿਹਾ।