Convict sentenced to : ਮੁਕਤਸਰ : ਮਾਣਯੋਗ ਅਦਾਲਤ ਦੇ ਜੱਜ ਅਰੁਣ ਵਸ਼ਿਸ਼ਟ ਨੇ ਅੱਜ ਫੈਸਲਾ ਸੁਣਾਉਂਦੇ ਹੋਏ ਚੌਹਰੇ ਕਤਲ ਕਾਂਡ ਦੇ ਦੋਸ਼ੀ ਪਲਵਿੰਦਰ ਸਿੰਘ ਨੂੰ ਫਾਂਸੀ ਤੇ ਉਸ ਦੀ ਪ੍ਰੇਮਿਕਾ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਟਾਰਨੀ ਨਵਦੀਪ ਤੇ ਬਚਾਅ ਪੱਖ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਵਿੰਦਰ ਸਿੰਘ ਦੇ ਸਬੰਧ ਉਸਦੇ ਸੀਰੀ ਨਿਰਮਲ ਸਿੰਘ ਦੀ ਪਤਨੀ ਕਰਮਜੀਤ ਕੌਰ ਨਾਲ ਸਨ। ਜਿਸ ਤਹਿਤ ਉਨ੍ਹਾਂ ਪਲਾਨ ਬਣਾ ਕੇ ਸੀਰੀ ਨਿਰਮਲ ਸਿੰਘ, ਪਲਵਿੰਦਰ ਦੀ ਪਤਨੀ ਸਰਬਜੀਤ ਕੌਰ ਤੇ ਉਸਦੇ ਦੋ ਬੱਚੇ ਜਸ਼ਨਪ੍ਰੀਤ ਸਿੰਘ (4) ਤੇ ਉਸਦੀ ਪੁੱਤਰੀ ਗਗਨਦੀਪ ਕੌਰ (6) ਕਤਲ ਕਰ ਦਿੱਤਾ।
ਯੋਜਨਾ ਮੁਤਾਬਕ ਪਲਵਿੰਦਰ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਦੇ ਨਾਂ ਪਹਿਲਾ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਖਰੀਦੀਆਂ ਸਨ ਤੇ ਨਿਰਮਲ ਸਿੰਘ ਦੇ ਨਾਂਅ ’ਤੇ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਘਟਨਾ ਤੋਂ 11 ਦਿਨ ਪਹਿਲਾਂ ਖ਼ਰੀਦੀਆਂ ਸਨ। ਪਲਵਿੰਦਰ ਸਿੰਘ ਨੇ ਇੱਕ ਪੁਰਾਣੀ ਮਾਰੂਤੀ ਕਾਰ ਖ਼ਰੀਦੀ ਤੇ 20 ਜੂਨ 2015 ਨੂੰ ਆਪਣੀ ਪਤਨੀ ਨੂੰ ਦਵਾਈ ਦੁਆਉਣ ਦੇ ਬਹਾਨੇ ਕਾਰ ਵਿੱਚ ਲੈ ਗਿਆ। ਕਾਰ ਵਿਚ ਉਸਦੀ ਪਤਨੀ ਸਰਬਜੀਤ ਕੌਰ, ਸੀਰੀ ਨਿਰਮਲ ਸਿੰਘ, ਪੁੱਤਰ ਜਸ਼ਨਪ੍ਰੀਤ ਸਿੰਘ ਤੇ ਪੁੱਤਰੀ ਗਗਨਦੀਪ ਕੌਰ ਸਵਾਰ ਸਨ ।
ਪਲਵਿੰਦਰ ਨੇ ਕਾਰ ਨੂੰ ਗੰਗ ਕੈਨਾਲ ਨਹਿਰ ਵਿੱਚ ਜਾਣਬੁੱਝ ਕੇ ਸੁੱਟ ਦਿੱਤਾ ਤੇ ਖੁਦ ਖਿੜਕੀ ਖੋਲ੍ਹਕੇ ਨਹਿਰ ਤੋਂ ਬਾਹਰ ਆ ਗਿਆ ਤੇ ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠੇ ਕੀਤਾ। ਇਸ ਵਿੱਚ ਪਲਵਿੰਦਰ ਦੀ ਪਤਨੀ, ਸੀਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ। ਮਾਮਲੇ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਇਸਨੂੰ ਦੁਰਘਟਨਾ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਿੱਚ ਦੋਸ਼ੀ ਦੀ ਪਤਨੀ, ਸੀਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 27 ਜਨਵਰੀ 2016 ਨੂੰ ਦੋਸ਼ੀ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਕੇ ਅਦਾਲਤ ਤੋਂ ਸੁਰੱਖਿਆ ਪਟੀਸ਼ਨ ਹਾਸਲ ਕੀਤੀ। ਮਾਮਲਾ ਦਰਜ ਹੋਣ ਦੇ ਬਾਅਦ ਇਹ ਸਾਰੇ ਖੁਲਾਸੇ ਹੋਏ। ਅਦਾਲਤ ਨੇ ਕੇਸ ਨੂੰ ਰੇਅਰ ਆਫ਼ ਰੇਅਰੈਸਟ ਹੋਣ ਦੇ ਕਾਰਨ ਦੋਸ਼ੀ ਪਲਵਿੰਦਰ ਸਿੰਘ ਨੂੰ ਫ਼ਾਂਸੀ ਤੇ ਉਸਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਦਾ ਹੁਕਮ ਦਿੱਤਾ ਹੈ।