Government pays Rs 4 lakh : ਹੁਸ਼ਿਆਰਪੁਰ : ਟਾਂਡਾ ਨਜ਼ਦੀਕ ਪਿੰਡ ਜਲਾਲਪੁਰ ਵਿਚ ਇਕ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ ਤੇ ਉਸ ਨੂੰ ਸਾੜਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਚਾਰ ਲੱਖ ਰੁਪਏ ਦਾ ਮੁਆਵਾਜ਼ਾ ਦਿੱਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਅਤੇ ਉੜਮੁੜ ਤੋਂ ਵਿਧਾਇਕ ਸੰਗਤ ਸਿੰਘ ਗਿਲਜੀਆਂ ਅਤੇ ਹਲਕਾ ਚੱਬੇਵਾਲ ਤੋਂ ਵਿਧਾਇਕ ਡਾ. ਰਾਜ ਕੁਮਾਰ ਨੇ ਅੱਜ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਚਾਰ ਲੱਖ ਰੁਪਏ ਦਾ ਚੈੱਕ ਭੇਟ ਕੀਤਾ। ਇਸ ਮੌਕੇ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਮੁਕੰਮਲ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਅਧੀਨ ਪੈਂਦੇ ਪਿੰਡ ਜਲਾਲਪੁਰ ਵਿੱਚ ਇੱਕ 6 ਸਾਲਾ ਬੱਚੀ ਨਾਲ ਜਬਰ- ਜਨਾਹ ਕਰਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ। ਉਸ ਤੋਂ ਬਾਅਦ ਉਸ ਦੀ ਅੱਧਸੜੀ ਲਾਸ਼ ਨੂੰ ਬੋਰੀ ਨਾਲ ਢਕ ਕੇ ਹਵੇਲੀ (ਪਸ਼ੂਆਂ ਨੂੰ ਬੰਨ੍ਹਣ ਵਾਲੀ ਥਾਂ) ਵਿਚ ਲੁਕੋ ਕੇ ਰੱਖਿਆ ਗਿਆ ਸੀ ਤਾਂ ਜੋ ਰਾਤ ਨੂੰ ਇਸ ਨੂੰ ਸਾੜਿਆ ਜਾ ਸਕੇ। ਲੜਕੀ ਦੁਪਹਿਰ ਤੋਂ ਲਾਪਤਾ ਸੀ। ਕਾਫੀ ਦੇਰ ਲੱਭਣ ਤੋਂ ਬਾਅਦ ਉਸ ਦੀ ਲਾਸ਼ ਕਿਸਾਨ ਸੁਰਜੀਤ ਸਿੰਘ ਦੀ ਹਵੇਲੀ ਮਕਾਨ ਵਿਚੋਂ ਮਿਲੀ। ਬੱਚੀ ਦਾ ਪਿਤਾ ਦੋਸ਼ੀ ਦੇ ਹੀ ਘਰ ਡਰਾਈਵਰ ਹੈ।
ਇਸ ਮਾਮਲੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਤੋਂ ਵੀ ਇਸ ਸੰਬੰਧੀ ਹੁਸ਼ਿਆਰਪੁਰ ਦੇ ਐਸਐਸਪੀ ਤੋਂ ਰਿਪੋਰਟ ਮੰਗੀ ਗਈ ਹੈ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਇਲਾਕੇ ਦੇ ਆਮ ਲੋਕਾਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਜਦੋਂ ਦੋਸ਼ੀ ਤੇ ਉਸ ਦੇ ਦਾਦੇ ਨੂੰ ਕਮਿਊਨਿਟੀ ਹਾਲ ਵਿੱਚ ਮੈਡੀਕਲ ਜਾਂਚ ਲਈ ਲਿਆਇਆ ਗਿਆ ਤਾਂ ਇਲਾਕੇ ਦੇ ਭੜਕੇ ਹੋਏ ਲੋਕਾਂ ਨੇ ਕਮਿਊਨਿਟੀ ਹਾਲ ਨੂੰ ਘੇਰ ਲਿਆ ਅਤੇ ਦੋਸ਼ੀਆਂ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ, ਤਾਂਜੋ ਉਹ ਖੁਦ ਦੋਸ਼ੀਆਂ ਨੂੰ ਸਜ਼ਾ ਦੇ ਸਕਣ।