Punjab BJP Kisan : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨ ਭਾਜਪਾ ‘ਤੇ ਹੀ ਭਾਰੂ ਸਿੱਧ ਹੋ ਰਹੇ ਹਨ। ਇੱਕ ਤੋਂ ਬਾਅਦ ਇੱਕ ਵਿਧਾਇਕ ਅਸਤੀਫੇ ਦੇ ਰਹੇ ਹਨ। ਪੰਜਾਬ ‘ਚ ਕੇਂਦਰ ਦੇ ਇਨ੍ਹਾਂ ਤਿੰਨਾਂ ਕਾਨੂੰਨਾਂ ਕਾਫੀ ਵਿਰੋਧ ਹੋ ਰਿਹਾ ਹੈ, ਉਥੇ ਹੀ ਭਾਜਪਾ ਦੇ ਆਪਣੇ ਹੀ ਉਸ ਦੇ ਖਿਲਾਫ ਹੋ ਰਹੇ ਹਨ ਤੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਅੱਜ ਫਿਰ ਤੋਂ ਭਾਜਪਾ ਨੂੰ ਝਟਕਾ ਲੱਗਾ ਜਦੋਂ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਭਾਜਪਾ ਦੇ ਤਰਲੋਚਨ ਸਿੰਘ ਨੇ ਵੀ ਅਸਤੀਫਾ ਦੇ ਦਿੱਤਾ। ਪੰਜਾਬ ਭਾਜਪਾ ਦੇ ਕਿਸਾਨ ਸੈੱਲ ਇੰਚਾਰਜ ਤਰਲੋਚਨ ਸਿੰਘ ਗਿੱਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ ਯਾਨੀ ਕਿ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਕਿਸਾਨਾਂ ਦੀ ਹਮਾਇਤ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਪਿਛਲੇ ਕਈ ਦਿਨਾਂ ਤੋਂ ਤਰਲੋਚਨ ਸਿੰਘ ਦੇ ਘਰ ਬਾਹਰ ਧਰਨਾ ਲਗਾਇਆ ਹੋਇਆ ਸੀ ਤੇ ਜੰਮ ਕੇ ਵਿਰੋਧ ਕੀਤਾ ਜਾ ਰਿਹਾ ਸੀ, ਸ਼ਾਇਦ ਜਿਸ ਕਾਰਨ ਉਨ੍ਹਾਂ ਨੇ ਕਿਸਾਨਾਂ ਦੀ ਹਮਾਇਤ ਕੀਤੀ ਹੈ। ਕੁੱਝ ਹੀ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਕੋਰ ਕਮੇਟੀ ਦੇ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਅਸਤੀਫ਼ਾ ਦਿੱਤਾ ਸੀ, ਮਾਲਵਿੰਦਰ ਸਿੰਘ ਕੰਗ ਨੇ ਕਿਹਾ ਸੀ ਕਿ ਬਿੱਲ ਦੇ ਕਾਨੂੰਨ ਬਣਨ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਇਸ ਬਾਰੇ ਚਰਚਾ ਕੀਤੀ ਗਈ ਸੀ ਜਿਸ ਬਾਰੇ ਬੀਜੇਪੀ ਦੇ ਆਗੂਆਂ ਨੂੰ ਵੀ ਜਾਣੂ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿਸਾਨ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਗਈ ਪਰ ਨਹੀਂ ਸੁਣਵਾਈ ਹੋਈ,ਕੰਗ ਨੇ ਇਲਜ਼ਾਮ ਲਗਾਇਆ ਸੀ ਕਿਸਾਨਾਂ ਦੀ ਸੁਣਵਾਈ ਕਰਨ ਦੀ ਬਜਾਏ ਸਿਰਫ਼ ਖੇਤੀ ਕਾਨੂੰਨ ਦੇ ਹੱਕ ਵਿੱਚ ਪ੍ਰਚਾਰ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ,ਉਨ੍ਹਾਂ ਕਿਹਾ ਸੀ ਕਿ ਦੇਸ਼ ਦੀ ਰੀਡ ਦੀ ਹੱਡੀ ਹੈ ਕਿਸਾਨ ਕੇਂਦਰ ਸਰਕਾਰ ਨੂੰ ਇਹ ਗੱਲ ਸਮਝਨੀ ਚਾਹੀਦੀ ਹੈ।
ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਇੱਕ ਦਿਨ ਪਹਿਲਾਂ ਉਹ ਸੜਕ ਹਾਦਸੇ ‘ਚ ਜ਼ਖਮੀ ਹੋਏ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਦਾ ਹਾਲਚਾਲ ਪੁੱਛਣ ਲਈ ਰਾਜੀਵ ਹਸਪਤਾਲ ਪੁੱਜੇ ਸਨ। ਸ. ਤਰਲੋਚਨ ਸਿੰਘ ਗਿੱਲ ਦੋ ਵਾਰ ਭਾਜਪਾ ਦੇ ਜਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਮੌਜੂਦਾ ਸਮੇਂ ‘ਚ ਕਿਸਾਨ ਮੋਰਚਾ ਪੰਜਾਬ ਦੇ ਇੰਚਾਰਜ ਸਨ। ਸ. ਤਰਲੋਚਨ ਸਿੰਘ ਗਿੱਲ ਨੇ ਕਿਹਾ ਕਿ ਅਜੇ ਉਨ੍ਹਾਂ ਦੀ ਕਿਸੇ ਪਾਰਟੀ ‘ਚ ਜਾਣ ਦੀ ਇੱਛਾ ਨਹੀਂ ਹੈ। ਉਹ ਕਿਸਾਨਾਂ ਦੀ ਲੜਾਈ ਲੜਨਗੇ ਪਰ ਭਾਜਪਾ ਨੂੰ ਉਨ੍ਹਾਂ ਨੇ ਅਲਵਿਦਾ ਕਹਿ ਦਿੱਤਾ ਹੈ।