nitish rana displayed kkr jersey: ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਡਬਲ ਹੈਡਰ ਵੀਕੈਂਡ ਦੀ ਸ਼ੁਰੂਆਤ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਦਿੱਲੀ ਕੈਪੀਟਲਸ (ਡੀਸੀ) ਦੇ ਮੈਚ ਨਾਲ ਹੋਈ ਹੈ। ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕਰਨ ਤੋਂ ਬਾਅਦ, ਕੈਪੀਟਲਸ ਦੇ ਗੇਂਦਬਾਜ਼ਾਂ ਨੇ ਕੇਕੇਆਰ ਦੇ ਚੋਟੀ ਦੇ ਕ੍ਰਮ ਨੂੰ ਰੋਕ ਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਕਿਉਂਕਿ ਪਾਰੀ ਦੇ 8 ਵੇਂ ਓਵਰ ਵਿੱਚ ਹੀ 42 ਦੌੜਾਂ ‘ਤੇ ਕੋਲਕਾਤਾ ਦੇ 3 ਬੱਲੇਬਾਜ਼ ਵਾਪਿਸ ਪਰਤ ਗਏ ਸੀ। ਪਰ ਨਿਤੀਸ਼ ਰਾਣਾ ਅਤੇ ਸੁਨੀਲ ਨਰਾਇਣ ਨੇ ਵਿਰੋਧੀ ਧਿਰ ਨੂੰ ਹੈਰਾਨ ਕਰਦਿਆਂ ਫਿਰ ਜਵਾਬੀ ਹਮਲਾ ਕੀਤਾ। ਸੀਜ਼ਨ ਵਿੱਚ ਕਈ ਅਸਫਲਤਾਵਾਂ ਤੋਂ ਬਾਅਦ ਰਾਣਾ ਨੇ ਇਸ ਮੈਚ ਵਿੱਚ ਪਾਰੀ ਦੀ ਸ਼ੁਰੂਆਤ ਕੀਤੀ ਸੀ। ਸੀਜ਼ਨ ‘ਚ ਰਾਣਾ ਨੇ ਇਸ ਤੋਂ ਪਹਿਲਾ ਸਿਰਫ ਇੱਕ ਅਰਧ ਸੈਂਕੜਾ ਬਣਾਇਆ ਸੀ ਜੋ ਦਿੱਲੀ ਖਿਲਾਫ ਹੀ ਆਇਆ ਸੀ।
ਨਿਤੀਸ਼ ਰਾਣਾ ਨੇ ਬਹੁਤ ਹੀ ਅਨੰਦਦਾਇਕ ਖੇਡ ਖੇਡੀ ਹੈ। ਉਹ ਪਾਰੀ ਦੇ 13 ਵੇਂ ਓਵਰ ਵਿੱਚ ਆਪਣੇ ਅਰਧ ਸੈਂਕੜੇ ‘ਤੇ ਪਹੁੰਚ ਗਿਆ ਅਤੇ ਫਿਰ ਕੇਕੇਆਰ ਦੀ ਇੱਕ ਜਰਸੀ ਨੂੰ ਲਹਿਰਾਇਆ। ਜਿਸ ‘ਤੇ ‘ਸੁਰਿੰਦਰ’ ਨਾਮ ਲਿਖਿਆ ਹੋਇਆ ਸੀ। ਰਾਣਾ ਨੇ ਸੁਰਿੰਦਰ ਨੂੰ ਆਪਣੀ ਇਸ ਪਾਰੀ ਨੂੰ ਸਮਰਪਿਤ ਕਰਦਿਆਂ ਅਸਮਾਨ ਵੱਲ ਵੀ ਵੇਖਿਆ। ਉਸ ਦੇ ਇਸ਼ਾਰੇ ਤੋਂ ਬਾਅਦ ਪ੍ਰਸ਼ੰਸਕ ਇਹ ਜਾਨਣਾ ਚੁੰਹਦੇ ਸਨ ਕੇ ਸੁਰਿੰਦਰ ਕੌਣ ਹੈ ਅਤੇ ਨਿਤੀਸ਼ ਰਾਣਾ ਨੇ ਇਹ ਜਰਸੀ ਕਿਉਂ ਦਿਖਾਈ ਹੈ। ਜਾਣਕਾਰੀ ਮਿਲੀ ਹੈ ਕਿ ਸੁਰਿੰਦਰ ਰਾਣਾ ਦਾ ਸਹੁਰਾ ਹੈ, (ਉਸਦੀ ਪਤਨੀ ਸਚੀ ਮਾਰਵਾਹ ਦਾ ਪਿਤਾ)। ਜਿਨ੍ਹਾਂ ਦਾ ਕੈਂਸਰ ਦੇ ਕਾਰਨ ਹਾਲ ਹੀ ਵਿੱਚ ਦੇਹਾਂਤ ਹੋ ਗਿਆ ਸੀ। ਨਿਤੀਸ਼ ਰਾਣਾ ਦਾ ਵਿਆਹ ਸਚੀ ਮਾਰਵਾਹ ਨਾਲ 16 ਫਰਵਰੀ 2019 ਨੂੰ ਹੋਇਆ ਸੀ। ਇਸ ਦੌਰਾਨ ਦਿੱਲੀ ਖਿਲਾਫ ਖੇਡ ਕੇਕੇਆਰ ਲਈ ਪਲੇਆਫ ‘ਚ ਜਗ੍ਹਾ ਬਣਾਉਣ ਦੇ ਲਈ ਇੱਕ ਮਹੱਤਵਪੂਰਣ ਅਤੇ ਟੀਮ ਲਈ ਸਹੀ ਸਮੇਂ ਤੇ ਮੌਕਾ ਬਣਾਇਆ ਹੈ। ਰਾਣਾ ਨੇ ਪੂਰੇ ਸੀਜ਼ਨ ਵਿੱਚ ਸੰਘਰਸ਼ ਕੀਤਾ ਪਰ ਆਪਣੀ ਟੀਮ ਲਈ ਅੱਜ ਇੱਕ ਮਹੱਤਵਪੂਰਣ ਪਾਰੀ ਖੇਡੀ ਅਤੇ ਇਸਨੂੰ ਆਪਣੇ ਸਹੁਰੇ ਨੂੰ ਸਮਰਪਿਤ ਕੀਤਾ। ਅਰਧ-ਸੈਂਕੜਾ ਲੱਗਣ ਤੋਂ ਬਾਅਦ ਰਾਣਾ ਦਾ ਇਹ ਬਹੁਤ ਵਧੀਆ ਇਸ਼ਾਰਾ ਸੀ ਅਤੇ ਪੂਰਾ ਡੱਗ-ਆਊਟ ਰਾਣਾ ਦੀ ਇਸ ਪਾਰੀ ਦੀ ਪ੍ਰਸ਼ੰਸਾ ਕਰਨ ਲਈ ਖੜ੍ਹਾ ਹੋਇਆ।