Health Minister lays foundation : ਚੰਡੀਗੜ/ਐਸ.ਏ.ਐਸ. ਨਗਰ (ਮੋਹਾਲੀ): ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋਂ ਸੈਕਟਰ-60 ਵਿੱਚ 13.40 ਕਰੋੜ ਰੁਪਏ ਦੀ ਲਾਗਤ ਵਾਲੇ ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਵਿੱਚ ਆਧੁਨਿਕ ਸੁਵਿਧਾਵਾਂ ਨਾਲ ਆਸ-ਪਾਸ ਦੇ ਲੋਕਾਂ ਨੂੰ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਈਆਂ ਜਾਣਗੀਆਂ। ਇਸ 40 ਹਜਾਰ ਵਰਗ ਫੁੱਟ ਦੇ ਕਮਿਉਨਿਟੀ ਹੈਲਥ ਸੈਂਟਰ ਵਿੱਚ ਐਮਰਜੈਂਸੀ ਸਹੂਲਤਾਂ 247 ਉਪਲਬੱਧ ਕਰਵਾਉਣ ਦੇ ਨਾਲ-ਨਾਲ ਓਪੀਡੀ ਅਤੇ ਡਾਇਗਨੋਸਟਿਕ ਸੈਂਟਰ, ਬਲੱਡ ਸਟੋਰੇਜ ਰੂਮ, 150 ਵਿਅਕਤੀਆਂ ਲਈ ਟਰੇਨਿੰਗ ਹਾਲ, ਅਤਿ ਆਧੁਨਿਕ ਓਪਰੇਸ਼ਨ ਥਿਏਟਰ, ਜੱਚਾ/ਬੱਚਾ ਸੁਵਿਧਾਵਾਂ, ਮਰਦਾਨਾ ਤੇ ਜਨਾਨਾ ਵਾਰਡ, ਪ੍ਰਾਇਵੇਟ ਰੂਮ, ਤਿੰਨ ਮੰਜਿਲਾ ਹਸਪਤਾਲ, ਸੀਸੀਟੀਵੀ ਸੁਰੱਖਿਆ ਸਿਸਟਮ ਅਤੇ ਟਰੀਟਮੈਂਟ ਪਲਾਂਟ ਤੇ ਪਾਰਕਿੰਗ ਦੀ ਸਹੂਲਤ ਉਪਲਬੱਧ ਕਰਵਾਈ ਜਾਵੇਗੀ। ਇਸ ਹਸਪਤਾਲ ਦਾ ਲਾਭ ਆਸਪਾਸ ਦੇ ਲੋਕਾਂ ਨੂੰ ਮਿਲੇਗਾ ਅਤੇ ਲੋਕਾਂ ਨੂੰ ਉਨਾਂ ਦੇ ਘਰ ਦੇ ਨਜ਼ਦੀਕ ਹੀ ਉੱਚ ਗੁਣਵੱਤਾ ਵਾਲੀਆਂ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਉਣ ਵਿੱਚ ਮਦਦ ਮਿਲੇਗੀ।
ਇਸ ਮੌਕੇ ਸਿਹਤ ਮੰਤਰੀ ਨੇ ਦੱਸਿਆ ਕਿ ਮੋਹਾਲੀ ਵਿੱਚ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਪ੍ਰੋਜੈਕਟ ਨੂੰ ਉਨਾਂ ਨੇ 2013 ਵਿੱਚ ਉਸ ਸਮੇਂ ਦੇ ਮੈਂਬਰ ਰਾਜਸਭਾ ਸ਼੍ਰੀਮਤੀ ਅੰਬਿਕਾ ਸੋਨੀ ਦੀ ਮਦਦ ਨਾਲ ਮੈਡੀਕਲ ਕਾਲਜ ਦੀ ਸਥਾਪਨਾ ਕੀਤੀ ਸੀ। ਉਨਾਂ ਨੇ ਹੁਣ ਸਿਹਤ ਮੰਤਰੀ ਬਣਦੇ ਹੀ ਮੈਡੀਕਲ ਕਾਲਜ ਬਣਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਦੇ ਲਈ 20 ਏਕੜ ਜ਼ਮੀਨ ਦੇਣ ਵਾਲੇ ਪਿੰਡਾਂ ਦਾ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਨਾਲ 14 ਏਕੜ ਸਰਕਾਰੀ ਜ਼ਮੀਨ ਨੂੰ ਨਾਲ ਜੋੜ ਦਿੱਤਾ ਗਿਆ ਹੈ। ਇਸ ਤੇ 375 ਕਰੋੜ ਰੁਪਏ ਦੀ ਲਾਗਤ ਨਾਲ 500 ਬੈਡ ਦਾ ਹਸਪਤਾਲ ਤਿਆਰ ਕੀਤਾ ਜਾ ਰਿਹਾ ਹੈ। ਇਸ ਮੌਕੇ ‘ਤੇ ਸਿੱਧੂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੀ ਪਹੁੰਚੇ। ਉਨ੍ਹਾਂ ਦੱਸਿਆ ਕਿ ਉਹ ਵੀ ਸਿਹਤ ਵਿਭਾਗ ਨੂੰ ਆਧੁਨਿਕ ਸੁਵਿਧਾਵਾਂ ਨਾਲ ਲੈਸ ਐਂਬੂਲੈਂਸ ਉਪਲਬੱਧ ਕਰਵਾਉਣਗੇ। ਦੱਸਣਯੋਗ ਹੈ ਕਿ ਮੋਹਾਲੀ ਵਿੱਚ ਵੀ ਡਿਸਪੈਂਸਰੀ ਵਿੱਚ ਸੁਧਾਰ ਕਰਕੇ ਕਮਿਊਨਿਟੀ ਹੈਲਥ ਸੈਂਟਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ।