UP police arrived empty : ਰੋਪੜ : ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਉੱਤਰ ਪ੍ਰਦੇਸ਼ ਦੇ ਬਸਪਾ ਦੇ ਵਿਧਾਇਕ ਮੁਖ਼ਤਾਰ ਅਨਸਾਰੀ ਨੂੰ ਲੈਣ ਆਈ ਉੱਤਰ ਪ੍ਰਦੇਸ਼ (ਯੂਪੀ) ਪੁਲਿਸ ਦੀ ਇਕ 50 ਮੈਂਬਰੀ ਟੀਮ ਨੂੰ ਖ਼ਾਲੀ ਹੱਥ ਮੁੜਣਾ ਪਿਆ ਹੈ। ਦੱਸ ਦੇਈਏ ਕਿ ਮੁਖ਼ਤਾਰ ਅਨਸਾਰੀ ਉੱਤਰ ਪ੍ਰਦੇਸ਼ ਵਿੱਚ ਮਊ ਹਲਕੇ ਤੋਂ ਪੰਜਵੀਂ ਵਾਰ ਚੁਣੇ ਹੋਏ ਵਿਧਾਇਕ ਹਨ। ਅਨਸਾਰੀ ਦੇ ਖਿਲਾਫ਼ ਉੱਤਰ ਪ੍ਰਦੇਸ਼ ਵਿੱਚ ਕਈ ਮਾਮਲੇ ਦਰਜ ਹਨ ਅਤੇ ਇਕ ਮਾਮਲਾ ਪੰਜਾਬ ਵਿੱਚ ਦਰਜ ਹੋਣ ਮਗਰੋਂ ਅਨਸਾਰੀ ਨੂੰ ਮੋਹਾਲੀ ਪੁਲਿਸ ਵੱਲੋਂ ਜਨਵਰੀ 2019 ਵਿੱਚ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰਕੇ ਪੰਜਾਬ ਲਿਆਂਦਾ ਗਿਆ ਸੀ ਅਤੇ ਉਹ ਉਦੋਂ ਤੋਂ ਹੀ ਰੋਪੜ ਜੇਲ੍ਹ ਵਿੱਚ ਬੰਦ ਹੈ। ਦੱਸਣਯੋਗ ਹੈ ਕਿ ਅਨਸਾਰੀ ਉੱਤਰ ਪ੍ਰਦੇਸ਼ ਵਿੱਚ ‘ਬਾਹੂਬਾਲੀ’ ਅਤੇ ‘ਮਾਫ਼ੀਆ ਡੌਨ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਯੂਪੀ ਦੇ ਦਕਸ਼ਿਨਟੋਲਾ ਵਿੱਚ ਅਨਸਾਰੀ ਖ਼ਿਲਾਫ਼ ਦਰਜ ਇਕ ਮਾਮਲੇ ਦੇ ਸੰਬੰਧ ਵਿੱਚ ਪ੍ਰਯਾਗਰਾ ਰਾਜ ਦੀ ਅਦਾਲਤ ਨੇ ਅਨਸਾਰੀ ਦੇ ਖਿਲਾਫ਼ ਵਾਰੰਟੀ ਜਾਰੀ ਕੀਤੇ ਸਨ ਅਤੇ ਇਨ੍ਹਾਂ ਵਾਰੰਟਾਂ ਦੇ ਆਧਾਰ ’ਤੇ ਹੀ ਅਨਸਾਰੀ ਨੂੰ ਲੈਣ ਲਈ ਗਾਜ਼ੀਪੁਰ ਪੁਲਿਸ ਦੀ ਇਕ ਟੀਮ 20 ਅਕਤੂਬਰ ਨੂੰ ਰੋਪੜ ਜੇਲ੍ਹ ਪੁਜੀ ਸੀ, ਜਿਸ ਨੇ 21 ਅਕਤੂਬਰ ਨੂੰ ਅਨਸਾਰੀ ਨੂੰ ਲੈ ਕੇ ਪ੍ਰਯਾਗਰਾਜ ਅਦਾਲਤ ਵਿੱਚ ਪੇਸ਼ ਹੋਣਾ ਸੀ। ਪਰ ਰੋਪੜ ਜੇਲ੍ਹ ਨੇ ਅਨਸਾਰੀ ਦੇ ਮੈਡੀਕਲ ਕਾਰਨਾਂ ਕਰਕੇ ਉਨ੍ਹਾਂ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਰਹੀ ਪਰ ਅੰਤ ਪੱਕੇ ਤੌਰ ’ਤੇ ਨਾਂਹ ਹੋ ਜਾਣ ਤੋਂ ਬਾਅਦ ਉਨ੍ਹਾਂ ਨੂੰ ਖਾਲੀ ਹੱਥ ਪਰਤਨਾ ਪਿਆ।
ਦੱਸਣਯੋਗ ਹੈ ਕਿ ਮੋਹਾਲੀ ਦੇ ਸੈਕਟਰ-70 ਸਥਿਤ ਪੰਜਾਬ ਦੇ ਇਕ ਨਾਮਵਰ ਬਿਲਡਰ ਅਤੇ ਰਿਐਲਟਰ ਨੇ ਅਨਸਾਰੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਨੂੰ ਤਿੰਨ ਧਮਕੀ ਭਰੇ ਫੋਨ ਮੁਖ਼ਤਾਰ ਅਨਸਾਰੀ ਦੇ ਨਾਂ ’ਤੇ ਆਏ ਸਨ, ਜਿਨ੍ਹਾਂ ਵਿੱਚ ਉਸਤੋਂ 10 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਤਿਆਰ ਰਹਿਣ ਵਾਸਤੇ ਕਿਹਾ ਗਿਆ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਅਨਸਾਰੀ ਨੂੰ ਪੰਜਾਬ ਪੁਲਿਸ ਵੱਲੋਂ ਪੰਜਾਬ ਲਿਆਉਂਦਾ ਗਿਆ ਸੀ। ਉਸਨੂੰ 24 ਜਨਵਰੀ, 2019 ਨੂੰ ਸਖ਼ਤ ਸੁਰੱਖ਼ਿਆ ਪਹਿਰੇ ਹੇਠ ਮੋਹਾਲੀ ਦਲ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ’ਤੇ ਰੋਪੜ ਕੇਂਦਰੀ ਜੇਲ੍ਹ ਵਿੱਚ ਭੇਜਿਆ ਗਿਆ ਸੀ। ਦੱਸਣਯੋਗ ਹੈ ਕਿ ਪੰਜਾਬ ਤੋਂ ਆਈ ਪੁਲਿਸ ਟੀਮ ਨੂੰ ਯੂਪੀ ਪੁਲਿਸ ਨੇ ਬੜੀ ਆਸਾਨੀ ਨਾਲ ਅਤੇ ਸਰਕਾਰ ਦੇ ਧਿਆਨ ਵਿੱਚ ਲਿਆਂਦੇ ਬਿਨਾਂ ਅਨਸਾਰੀ ਨੂੰ ‘ਪ੍ਰੋਡਕਸ਼ਨ ਵਾਰੰਟ’ ’ਤੇ ਪੰਜਾਬ ਲੈ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ।