Students will be made aware : ਚੰਡੀਗੜ੍ਹ : ਪੰਜਾਬ ਦੇ ਸਕੂਲਾਂ ਵਿੱਚ ਹੁਣ ਵਿਦਿਆਰਥੀਆਂ ਨੂੰ ਚੋਣ ਅਧਿਕਾਰਾਂ ਅਤੇ ਚੋਣ ਪ੍ਰਕਿਰਿਆ ਨਾਲ ਜਾਣੂ ਕਰਵਾਇਆ ਜਾਵੇਗਾ। ਇਸ ਦੇ ਲਈ ਸਕੂਲਾਂ ਵਿੱਚ ਇਲੈਕਟਰੋਲ ਲਿਟਰੇਸੀ ਕਲੱਬਾਂ (ਈ.ਐਲ.ਸੀਜ਼.) ਬਣਾਏ ਜਾਣਗੇ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ELCs ਦਾ ਗਠਨ ਕਰਨ ਦੀਆਂ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਹ ਕਲੱਬ ਨੌਵੀਂ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਲਈ ਬਣਾਈਆਂ ਜਾਣਗੀਆਂ। ਹਰ ਕਲੱਬ ਲਈ ਸਕੂਲ ਪੱਧਰ ’ਤੇ ਇੱਕ ਨੋਡਲ ਅਫਸਰ ਲਾਇਆ ਜਾਵੇਗਾ। ਦੱਸਣਯੋਗ ਹੈ ਕਿ ਇਨ੍ਹਾਂ ਕਲੱਬਾਂ ’ਚ ਗਤੀਵਿਧੀਆਂ ਦੇ ਰਾਹੀਂ ਵਿਦਿਆਰਥੀਆਂ ਨੂੰ ਆਪਣੇ ਚੋਣ ਅਧਿਕਾਰਾਂ, ਚੋਣ ਪ੍ਰਕਿਰਿਆ ਅਤੇ ਚੋਣਾਂ ਦੀ ਰਜਿਸਟ੍ਰੇਸ਼ਨ ਸਬੰਧੀ ਜਾਣੂ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਨ ਲਈ ਸਿੱਖਿਆ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਰਾਜਨੀਤਕ ਅਧਿਕਾਰਾਂ ਸਬੰਧੀ ਲੇਖ ਲਿਖਣ, ਪੋਸਟਰ ਬਨਾਉਣ, ਸਲੋਗਨ ਲੇਖਨ ਮੁਕਾਬਲੇ ਕਰਵਾਏ ਜਾਣਗੇ।
ਨੌਵੀਂ ਜਮਾਤ ਨੂੰ ਚੋਣਾਂ ਦੇ ਮਹੱਤਵ, ਭਾਰਤੀ ਚੋਣ ਪ੍ਰਣਾਲੀ, ਭਾਰਤੀ ਚੋਣ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ, ਚੋਣ ਕਮਿਸ਼ਨ, ਚੋਣ ਕਮਿਸ਼ਨ ਦੇ ਕੰਮਾਂ, ਚੋਣ ਪ੍ਰਕਿਰਿਆ, ਚੋਣਾਂ ਦੀਆਂ ਕਿਸਮਾਂ ਅਤੇ ਚੋਣਾਂ ਵਿੱਚ ਵਿਰੋਧੀ ਦਲਾਂ ਦੀ ਭੂਮਿਕਾ ਆਦਿ ਵਿਸ਼ਿਆਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਦਕਿ ਦਸਵੀਂ ਜਮਾਤ ਲਈ ਭਾਰਤੀ ਚੋਣ ਵਿਧੀ ਤੇ ਪ੍ਰਕਿਰਿਆ, ਚੋਣ ਕਮਿਸ਼ਨ ਦੀ ਬਣਤਰ, ਚੋਣ ਕਮਿਸ਼ਨ ਦੇ ਕੰਮ, ਲੋਕ ਮੱਤ ਅਤੇ ਵਿਰੋਧੀ ਦਲਾਂ ਦੀ ਭੂਮਿਕਾ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਸੇ ਤਰ੍ਹਾਂ ਹੀ ਬਾਹਰਵੀਂ ਲਈ ਚੋਣ ਪ੍ਰਣਾਲੀ, ਚੋਣਾਂ ਦੇ ਢੰਗ, ਚੋਣ ਕਮਿਸ਼ਨ ਦੇ ਕਾਰਜਾਂ ਆਦਿ ਦੀਆਂ ਗਤੀ ਵਿਧੀਆਂ ਕਰਵਾਈਆਂ ਜਾਣਗੀਆਂ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਦੱਸਿਆ ਕਿ ਇਸ ਨਾਲ ਵਿਦਿਆਰਥੀਆਂ ਦਾ ਬੌਧਿਕ ਪੱਧਰ ਉੱਚਾ ਹੋਵੇਗਾ।