IPL 2020 KKR vs KXIP: ਆਈਪੀਐਲ 2020 ਦਾ 46 ਵਾਂ ਮੈਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਾਲੇ ਸ਼ਾਮ 07:30 ਵਜੇ ਤੋਂ ਸ਼ਾਰਜਾਹ ਵਿੱਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ, ਜਦੋਂ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸਨ, ਤਾਂ ਉਸ ਸਮੇਂ ਕੋਲਕਾਤਾ ਨੇ ਹਾਰੀ ਹੋਈ ਬਾਜ਼ੀ ਜਿੱਤੀ ਸੀ। ਅਜਿਹੀ ਸਥਿਤੀ ਵਿੱਚ ਪੰਜਾਬ ਇਸ ਮੈਚ ਵਿੱਚ ਪਿੱਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗਾ। ਕੋਲਕਾਤਾ ਨੇ ਆਪਣੇ ਪਿੱਛਲੇ ਮੈਚ ਵਿੱਚ ਦਿੱਲੀ ਕੈਪੀਟਲਸ ਦੇ ਖਿਲਾਫ ਵੱਡੀ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਪੰਜਾਬ ਨੇ ਆਪਣੇ ਆਖਰੀ ਚਾਰ ਮੈਚਾਂ ਵਿੱਚ ਜਿੱਤ ਹਾਸਿਲ ਕੀਤੀ ਹੈ। ਦੋਵਾਂ ਟੀਮਾਂ ਨੂੰ ਪਲੇਅ ਆਫਸ ਵਿੱਚ ਕੁਆਲੀਫਾਈ ਕਰਨ ਦੀਆਂ ਆਪਣੀਆਂ ਉਮੀਦਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਮੈਚ ਵਿੱਚ ਜਿੱਤ ਦੀ ਜ਼ਰੂਰਤ ਹੈ। ਅਜਿਹੀ ਸਥਿਤੀ ਵਿੱਚ, ਅਸੀਂ ਇਸ ਮੈਚ ਵਿੱਚ ਦੋਵਾਂ ਟੀਮਾਂ ਦਰਮਿਆਨ ਸਿਰੇ ਦੀ ਟੱਕਰ ਵੇਖ ਸਕਦੇ ਹਾਂ। ਪੰਜਾਬ ਲਈ ਇਸ ਮੈਚ ਵਿੱਚ ਸ਼ਾਨਦਾਰ ਫਾਰਮ ‘ਚ ਚੱਲ ਰਹੇ ਮਯੰਕ ਅਗਰਵਾਲ ਵਾਪਸੀ ਕਰ ਸਕਦੇ ਹਨ। ਮਯੰਕ ਸਨਰਾਈਜ਼ਰਜ਼ ਹੈਦਰਾਬਾਦ ਖਿਲਾਫ ਮੈਚ ਵਿੱਚ ਟੀਮ ਦਾ ਹਿੱਸਾ ਨਹੀਂ ਸਨ। ਮਨਦੀਪ ਸਿੰਘ ਨੂੰ ਉਸ ਦੀ ਜਗ੍ਹਾ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਆਲਰਾਉਂਡਰ ਆਂਦਰੇ ਰਸਲ ਇਸ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਲਈ ਵਾਪਸੀ ਕਰ ਸਕਦਾ ਹੈ। ਹਾਲਾਂਕਿ, ਕਪਤਾਨ ਈਯਨ ਮੋਰਗਨ ਲਈ ਰਸਲ ਦੇ ਫਿਟ ਹੋਣ ਤੋਂ ਪਹਿਲਾ ਪਲੇਇੰਗ ਇਲੈਵਨ ਦੀ ਚੋਣ ਕਰਨਾ ਮੁਸ਼ਕਿਲ ਹੋ ਸਕਦਾ ਹੈ। ਸ਼ਾਰਜਾਹ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਜਾਣ ਵਾਲੇ ਇਸ ਮੈਚ ਵਿੱਚ ਮੌਸਮ ਬਿਲਕੁਲ ਸਾਫ ਹੋਵੇਗਾ। ਹਾਲਾਂਕਿ, ਖਿਡਾਰੀਆਂ ਨੂੰ ਇੱਥੇ ਵੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਪਏਗਾ। ਤ੍ਰੇਲ ਇਥੇ ਵੱਡੀ ਭੂਮਿਕਾ ਨਿਭਾਏਗੀ। ਅਜਿਹੀ ਸਥਿਤੀ ਵਿੱਚ, ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰ ਸਕਦੀ ਹੈ। ਸ਼ਾਰਜਾਹ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਮੁਕਾਬਲੇ ਬਿਲਕੁਲ ਵੱਖਰਾ ਹੈ। ਅਕਾਰ ਦੇ ਲਿਹਾਜ਼ ਨਾਲ ਇਹ ਬਹੁਤ ਛੋਟਾ ਜਿਹਾ ਮੈਦਾਨ ਹੈ। ਪਰ ਹੁਣ ਟੂਰਨਾਮੈਂਟ ਦੀ ਸ਼ੁਰੂਆਤ ਦੇ ਮੁਕਾਬਲੇ ਇਹ ਵਿਕਟ ਕਾਫ਼ੀ ਬਦਲ ਗਈ ਹੈ। ਇੱਥੇ ਗੇਂਦ ਬਹੁਤ ਜ਼ਿਆਦਾ ਰੁਕ ਰਹੀ ਹੈ। ਅਜਿਹੀ ਸਥਿਤੀ ਵਿੱਚ ਦੋਵੇਂ ਟੀਮਾਂ ਇੱਥੇ ਦੋ ਲੀਡ ਸਪਿਨਰਾਂ ਨਾਲ ਉੱਤਰ ਸਕਦੀਆਂ ਹਨ।