Bhagwant Mann besieges : ਚੰਡੀਗੜ੍ਹ : ਰੇਲਵੇ ਮੰਤਰਾਲੇ ਵੱਲੋਂ ਪੰਜਾਬ ‘ਚ ਮਾਲ ਗੱਡੀਆਂ ਨੂੰ ਅਗਲੇ 4 ਦਿਨਾਂ ਲਈ ਰੋਕ ਦਿੱਤਾ ਗਿਆ ਹੈ ਇਸ ‘ਤੇ ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਲਈ ਮਾਲ ਰੇਲ ਗੱਡੀਆਂ ਰੋਕ ਲਏ ਜਾਣ ਦੀ ਸਖ਼ਤ ਨਿਖੇਧੀ ਕੀਤੀ ਤੇ ਮੋਦੀ ਸਰਕਾਰ ਨੂੰ ਇਸ ‘ਤੇ ਘੇਰਿਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨਾਲ ਬਦਲਾਖ਼ੋਰੀ ‘ਤੇ ਉਤਰ ਆਏ ਹਨ। ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਤੋਂ ਬੌਖਲਾ ਗਏ ਹਨ ਤੇ ਇਸੇ ਤੋਂ ਪ੍ਰੇਸ਼ਾਨ ਹੋ ਕੇ ਕੇਂਦਰ ਵੱਲੋਂ ਪੰਜਾਬ ‘ਚ ਮਾਲਗੱਡੀਆਂ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅੰਬਾਨੀ ਤੇ ਅਡਾਨੀ ਵਰਗੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੀ ਕਠਪੁਤਲੀ ਬਣੇ ਹੋਏ ਹਨ ਤੇ ਉਨ੍ਹਾਂ ਨੇ ਹੁਣ ਤੱਕ ਜੋ ਵੀ ਫੈਸਲੇ ਲਏ ਹਨ, ਉਹ ਕਿਸਾਨਾਂ ਦੇ ਹਿੱਤ ‘ਚ ਨਹੀਂ ਲਏ ਹਨ। ਇਹ ਖੇਤੀ ਕਾਨੂੰਨ ਕਿਸਾਨਾਂ ਲਈ ਮੌਤ ਦੇ ਵਾਰੰਟ ਹਨ। ਇਸ ਲਈ ਉਨ੍ਹਾਂ ਨੂੰ ਆਪਣਾ ਹੰਕਾਰੀ ਅਤੇ ਤਾਨਾਸ਼ਾਹੀ ਰਵੱਈਆ ਤਿਆਗ ਕੇ ਸੰਘਰਸ਼ਸ਼ੀਲ ਕਿਸਾਨਾਂ ਦੀ ਬਾਂਹ ਮਰੋੜਨ ਦੀ ਥਾਂ ਥੋਪੇ ਗਏ ਕਾਲੇ ਕਾਨੂੰਨ ਵਾਪਸ ਲੈ ਕੇ ਅੰਨਦਾਤਾ ਦੀ ਬਾਂਹ ਫੜਨੀ ਚਾਹੀਦੀ ਹੈ। ਮਾਨ ਨੇ ਕਿਹਾ ਕਿ ਪੰਜਾਬ ‘ਚ ਮਾਲ ਗੱਡੀਆਂ ਨੂੰ ਰੋਕ ਕੇ ਆਰਥਿਕ ਤੌਰ ‘ਤੇ ਕਮਜ਼ੋਰ ਤੇ ਭੁੱਖੇ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਬਦਲਾ ਲੈਣ ਦੀ ਸੋਚ ਰੱਖਣ ਵਾਲੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਤੋਂ ਬਿਨਾਂ, ਜੈ ਜਵਾਨ ਅਤੇ ਜੈ ਕਿਸਾਨ, ਨਾਅਰੇ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ।
ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕੋਲਾ, ਬਿਜਲੀ ਅਤੇ ਵਪਾਰ ਦੇ ਹਵਾਲੇ ਦੇ ਕੇ ਕਿਸਾਨਾਂ ਨੂੰ ਅਪੀਲਾਂ ਕਰਨ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਕਿਸਾਨਾਂ ਦੀ ਗੱਲ ਕਰਨ। ਪੰਜਾਬ ਦੇ ਕਿਸਾਨਾਂ ਨੇ ਮਾਲ ਗੱਡੀਆਂ ਦੀ ਆਵਾਜਾਈ ਰੇਲ ਲਾਈਨਾਂ ਖ਼ਾਲੀ ਕਰ ਦਿੱਤੀਆਂ ਤਾਂ ਮੋਦੀ ਨੇ ਸਭ ਤੋਂ ਪਹਿਲਾਂ ਮੋਗਾ ਸਥਿਤ ਅੰਡਾਨੀਆਂ ਦੇ ਸਾਇਲੋ ਲਈ ਮਾਲ ਗੱਡੀ ਭੇਜ ਦਿੱਤੀ। ਇਹ ਕਿਸਾਨਾਂ ਨੂੰ ਭੜਕਾ ਕੇ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਜਿਸ ਬਾਰੇ ਪੂਰੇ ਪੰਜਾਬ ਨੂੰ ਸੁਚੇਤ ਰਹਿਣਾ ਪਵੇਗਾ। ਦੇਸ਼ ਨੂੰ ਆਜ਼ਾਦੀ ਦਿਵਾਉਣ ਅਤੇ ਭੁੱਖਮਰੀ ‘ਚੋਂ ਕੱਢਣ ਲਈ ਸਭ ਤੋਂ ਵੱਧ 90 ਫ਼ੀਸਦੀ ਯੋਗਦਾਨ ਪੰਜਾਬੀਆਂ ਦਾ ਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਦੀ ਥਾਂ ਭਾਜਪਾਈ ਆਗੂਆਂ ਵੱਲੋਂ ਕਦੇ ਉਨ੍ਹਾਂ ਨੂੰ ਦਲਾਲ ਕਿਹਾ ਜਾਂਦਾ ਹੈ ਅਤੇ ਕਦੇ ਗੁੰਮਰਾਹ ਕਰਨ ਵਾਲੇ ਕਿਹਾ ਜਾਂਦਾ ਹੈ ਜਦਕਿ ਅੱਜ ਦੇ ਕਿਸਾਨ ਆਪਣੇ ਹੱਕਾਂ ਲਈ ਜਾਗਰੂਕ ਹੋ ਗਏ ਹਨ ਤੇ ਉਨ੍ਹਾਂ ਨੂੰ ਆਪਣੇ ਭਲੇ-ਬੁਰੇ ਦਾ ਪਤਾ ਹੈ।