Robbers in khaki : ਪੰਜਾਬ ‘ਚ ਆਏ ਦਿਨ ਕ੍ਰਾਈਮ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ ਤੇ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਸ਼ਹਿਰ ‘ਚ ਆਂਤਕ ਮਚਾਇਆ ਜਾ ਰਿਹਾ ਹੈ। ਜਿਲ੍ਹਾ ਫਿਰੋਜ਼ਪੁਰ ਦੇ ਮੱਖੂ ਵਿਖੇ ਅੱਜ ਹੈਰਾਨ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਜਿਥੇ ਲੁਟੇਰੇ ਪੁਲਿਸ ਦੀ ਵਰਦੀ ‘ਚ ਇੱਕ ਘਰ ਅੰਦਰ ਦਾਖਲ ਹੋਏ ਅਤੇ ਉਥੋਂ 30 ਤੋਲੇ ਸੋਨਾ ਲੈ ਕੇ ਫਰਾਰ ਹੋ ਗਏ। ਘਟਨਾ ਐਤਵਾਰ ਸਵੇਰੇ ਲਗਭਗ 6.15 ਵਜੇ ਵਾਪਰੀ। ਲੁਟੇਰ ਖਾਕੀ ਵਰਦੀ ਪਾ ਕੇ ਘਰ ਅੰਦਰ ਦਾਖਲ ਹੋਏ ਅਤੇ ਪਿਸਤੌਲ ਦੀ ਨੋਕ ‘ਤੇ ਉਨ੍ਹਾਂ ਨੇ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਬੰਦੀ ਬਣਾ ਲਿਆ ਤੇ ਲੁੱਟ ਨੂੰ ਅੰਜਾਮ ਦਿੱਤਾ। ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਪਰਿਵਾਰ ਦੇ ਮੁਖੀ ਨੂੰ ਕਿਰਚ ਨਾਲ ਜ਼ਖਮੀ ਕਰ ਦਿੱਤਾ ਗਿਆ। ਲੁਟੇਰੇ ਜਾਂਦੇ ਸਮੇਂ ਘਰ ‘ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦਾ ਡੀ. ਵੀ. ਆਰ ਤੇ ਮੋਬਾਈਲ ਫੋਨ ਵੀ ਨਾਲ ਲੈ ਗਏ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਪੀੜਤ ਰਣਜੀਤ ਸਿੰਘ ਨਿਵਾਸੀ ਮੱਖੂ ਨੇ ਦੱਸਿਆ ਕਿ ਉਸ ਦਾ ਘਰ ਮੇਨ ਬਾਜ਼ਾਰ ‘ਚ ਹੈ। ਐਤਵਾਰ ਸਵੇਰੇ 6 ਵਜੇ ਉਸ ਦੇ ਘਰ ਦੀ ਘੰਟੀ ਵੱਜੀ ਤਾਂ ਉਸ ਦੇ ਪੁੱਤਰ ਨੇ ਗੇਟ ਖੋਲ੍ਹਿਆ ਤਾਂ ਗੇਟ ਦੇ ਬਾਹਰ ਇੱਕ ਸਵਿਫਟ ਕਾਰ ‘ਚ ਤਿੰਨ ਲੋਕ ਖੜ੍ਹੇ ਸਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪੁਲਿਸ ਵਾਲੇ ਹਾਂ। ਘਰ ‘ਚ ਵੜਦੇ ਹੀ ਦੋਸ਼ੀਆਂ ਨੇ ਪਿਸਤੌਲ ਕੱਢ ਲਈ ਤੇ ਘਰ ਦੇ ਸਾਰੇ ਮੈਂਬਰਾਂ ਨੂੰ ਇੱਕ ਕਮਰੇ ‘ਚ ਬੰਦ ਕਰ ਦਿੱਤਾ ਤੇ ਜਦੋਂ ਰਣਜੀਤ ਨੇ ਇਸ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ‘ਤੇ ਵਾਰ ਕਰ ਦਿੱਤਾ, ਜਿਸ ‘ਚ ਉਹ ਜ਼ਖਮੀ ਹੋ ਗਿਆ।
ਰਣਜੀਤ ਸਿੰਘ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ ਤੇ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਤਿੰਨ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ CCTV ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਡੂੰਘਾਈ ਨਾਲ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।