Tanda rape-murder : ਟਾਂਡਾ ਵਿਖੇ 6 ਸਾਲਾ ਬੱਚੀ ਨਾਲ ਜਬਰ ਜਨਾਹ ਤੋਂ ਬਾਅਦ ਕਤਲ ਕਰਨ ਵਾਲੇ ਦੋਸ਼ੀ ਦਾਦਾ ਤੇ ਪੋਤੇ ਨੂੰ ਮੰਗਲਵਾਰ ਦਸੂਹਾ ਦੀ ਅਦਾਲਤ ‘ਚ ਪੇਸ਼ ਕਰਕੇ ਇੱਕ ਦਿਨ ਦਾ ਹੋਰ ਪੁਲਿਸ ਰਿਮਾਂਡ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ 2 ਵਾਰ ਉਨ੍ਹਾਂ ਦਾ ਰਿਮਾਂਡ ਲਿਆ ਜਾ ਚੁੱਕਾ ਹੈ। ਪਹਿਲੀ ਵਾਰ 2 ਦਿਨ ਤੇ ਦੂਜੀ ਵਾਰ 3 ਦਿਨ ਦਾ ਰਿਮਾਂਡ ਲਿਆ ਗਿਆ ਸੀ। ਥਾਣਾ ਇੰਚਾਰਜ ਬਿਕਰਮ ਸਿੰਘ ਨੇ ਦੱਸਿਆ ਕਿ ਪਹਿਲਾਂ ਦੋਵੇਂ ਦੋਸ਼ੀਆਂ ਦਾ 5 ਦਿਨ ਦਾ ਰਿਮਾਂਡ ਲਿਆ ਗਿਆ ਸੀ ਜੋ ਮੰਗਲਵਾਰ ਨੂੰ ਖਤਮ ਹੋ ਗਿਆ ਸੀ। ਘਟਨਾ ਸਬੰਧੀ ਮੁੱਖ ਦੋਸ਼ੀ ਵੱਲੋਂ ਮਾਸੂਮ ਬੱਚੀ ਦੀ ਉਂਗਲੀ ਫੜ ਕੇ ਉਸ ਨੂੰ ਹਵੇਲੀ ਲੈ ਜਾਂਦੇ ਸਮੇਂ CCTV ਫੁਟੇਜ ਤੇ ਦੋਸ਼ੀ ਵੱਲੋਂ ਪਹਿਨੇ ਗਏ ਕੱਪੜੇ ਪੁਲਿਸ ਨੇ ਪਹਿਲਾਂ ਹੀ ਬਰਾਮਦ ਕਰ ਲਏ ਹਨ ਪਰ ਹੁਣ ਤੱਕ ਉਨ੍ਹਾਂ ਤੋਂ ਪੁੱਛਗਿਛ ਤੇ ਕਈ ਸਬੂਤ ਇੱਕਠੇ ਕਰਨੇ ਬਾਕੀ ਹਨ। ਇਸ ਲਈ ਇੱਕ ਦਿਨ ਦਾ ਰਿਮਾਂਡ ਹੋਰ ਵਧਾ ਦਿੱਤਾ ਗਿਆ ਹੈ।
6 ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਜਿੰਦਾ ਸਾੜ ਕੇ ਹੱਤਿਆ ਕਰਨ ਦੇ ਮਾਮਲੇ ‘ਚ ਦੋਸ਼ੀ ਦਾਦੇ ਪੋਤੇ ਨੂੰ ਸਥਾਨਕ ਲੋਕਾਂ ਨੇ ਫਾਂਸੀ ਦੀ ਸਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਹੁਸ਼ਿਆਰਪੁਰ ਦੇ ਵਕੀਲ ਨਵੀਨ ਜੈਰਥ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੋਰਟ ‘ਚ ਫ੍ਰੀ ਕੇਸ ਲੜਨਗੇ। ਉਨ੍ਹਾਂ ਦੱਸਿਆ ਕਿ ਕੋਰਟ ‘ਚ ਚਲਾਨ ਪੇਸ਼ ਹੋਣ ਤੋਂ ਬਾਅਦ ਉਹ ਕੇਸ ਸਟੱਡੀ ਕਰਨਗੇ ਤੇ ਪਰਿਵਾਰ ਲਈ ਕੋਰਟ ਤੋਂ ਪਰਿਵਾਰ ਲਈ ਇਨਸਾਫ ਦੀ ਮੰਗ ਕਰਨਗੇ। ਟਾਂਡਾ ਤਹਿਤ ਇੱਕ ਪਿੰਡ ‘ਚ ਦਰਿੰਦਗੀ ਦਾ ਸ਼ਿਕਾਰ ਹੋਈ 6 ਸਾਲਾ ਬੱਚੀ ਦੇ ਪੀੜਤ ਪਰਿਵਾਰ ਨਾਲ ਲੋਕ ਇਨਸਾਫ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ।
ਬੈਂਸ ਨੇ ਕਿਹਾ ਕਿ ਅਜਿਹੇ ਘਿਨਾਉਣੀ ਅਪਰਾਧ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਪੀੜਤ ਪਰਿਵਾਰ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਬੈਂਸ ਨੇ ਕਿਹਾ ਕਿ ਪੰਜਾਬ ‘ਚ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੋ ਚੁੱਕੀ ਹੈ। ਦਿਨ ਦਿਹਾੜੇ ਲੁੱਟਮਾਰ, ਗੈਂਗਵਾਰ ਤੇ ਜਬਰ ਜਨਾਹ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ। ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਪਰਿਵਾਰ ਨਾਲ ਖੜ੍ਹੇ ਹਨ। ਇਸ ਦੌਰਾਨ ਉਨ੍ਹਾਂ ਨਾਲ ਬੀ. ਸੀ. ਵਿੰਗ ਰਾਜ ਪ੍ਰਧਾਨ ਹਰਦੇਵ ਸਿੰਘ ਕੌਸ਼ਲ, ਜਗਵਿੰਦਰ ਸਿੰਘ ਰਾਮਗੜ੍ਹ, ਵਿਜੇ ਕੁਮਾਰ, ਗੁਰਵਿੰਦਰ ਸਿੰਘ, ਸੁਖਵਿੰਦਰ ਸਿੰਘ ਰਾਜਾ, ਪ੍ਰਦੀਪ ਸਿੰਘ ਤੇ ਹੋਰ ਮੌਜੂਦ ਸਨ।