SIT to probe DSP : ਬਠਿੰਡਾ : ਬਠਿੰਡਾ ਪੁਲਿਸ ਵੱਲੋਂ ਔਰਤ ਜਿਨਸੀ ਸੋਸ਼ਣ ਸਬੰਧੀ ਗ੍ਰਿਫਤਾਰ ਐਸਟੀਐਫ ਦੇ ਡੀਐਸਪੀ ਗੁਰਸ਼ਰਨ ਸਿੰਘ ਦੇ ਮਾਮਲੇ ਦੀ ਜਾਂਚ ਸਪੈਸ਼ਲ ਇਨਵੈਸਟੀਗੇਸਨ ਟੀਮ ‘ਸਿੱਟ’ ਕਰੇਗੀ। ਡੀਐਸਪੀ ਡੀਐਸਪੀ ਹਿਨਾ ਗੁਪਤਾ ਦੀ ਅਗਵਾਈ ਹੇਠ ਇਸ ਟੀਮ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਦੂਜੇ ਪਾਸੇ ਪਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਡੀਐਸਪੀ ਦਾ ਤਿੰਨ ਦਿਨਾ ਰਿਮਾਂਡ ਹਾਸਲ ਕਰ ਲਿਆ ਹੈ। ਇਸ ਸੰਬੰਧੀ ਐਸਪੀ ਡੀ ਗੁਰਵਿੰਦਰ ਸਿੰਘ ਸੰਘਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਸ਼ਰਨ ਸਿੰਘ ਖਿਲਾਫ ਵਿਭਾਗੀ ਪੜਤਾਲ ਵੀ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਸੋਮਵਾਰ ਰਾਤ ਡੀਐਸਪੀ ਗੁਰਸ਼ਰਨ ਸਿੰਘ ਨੂੰ ਹਨੂੰਮਾਨ ਚੌਕ ਨੇੜੇ ਸਥਿਤ ਇੱਕ ਨਿੱਜੀ ਹੋਟਲ ਦੇ ਕਮਰੇ ‘ਚ ਔਰਤ ਨਾਲ ਇਤਰਾਜ਼ਯੋਗ ਹਾਲਤ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਡੀਐਸਪੀ ’ਤੇ ਔਰਤ ਨੇ ਦੋਸ਼ ਲਗਾਏ ਸਨ ਕਿ ਲਗਭਗ ਤਿੰਨ ਮਹੀਨੇ ਪਹਿਲਾਂ ਐੱਸ. ਟੀ. ਐੱਫ. ਦੀ ਟੀਮ ਨੇ ਪੰਜਾਬ ਪੁਲਿਸ ਦੇ ਏਐਸਆਈ ਨੂੰ ਹੈਰੋਇਨ ਸਮਗਲਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਏ. ਐੱਸ. ਆਈ. ਦੀ ਪਤਨੀ ਡੀ. ਐੱਸ. ਪੀ. ਦੇ ਸੰਪਰਕ ‘ਚ ਆਈ ਅਤੇ ਉਸ ਨੂੰ ਉਹ ਫੋਨ ਕਰਕੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਲੱਗਾ ਸੀ। ਡੀਐਸਪੀ ਉਸ ਦੇ ਪਰਿਵਾਰ ਨੂੰ ਝੂਠੇ ਸਮਗਿਲੰਗ ਦੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਉਸ ਨੂੰ ਹੋਟਲ ‘ਚ ਬੁਲਾਉਣ ਲੱਗਾ।
ਔਰਤ ਨੇ ਦੱਸਿਆ ਸੀ ਕਿ ਡੀ. ਐੱਸ. ਪੀ. ਨੇ ਉਸ ‘ਤੇ ਅਤੇ ਉਸ ਦੇ ਪਤੀ ਤੇ ਬੇਟੇ ‘ਤੇ ਹੈਰੋਇਨ ਸਮਗਲਿੰਗ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ‘ਤੇ ਅਤੇ ਉਸ ਦੇ ਪਤੀ ਤੇ ਬੇਟੇ ‘ਤੇ ਸਮਗਿਲੰਗ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਉਹ ਡੀ. ਐੱਸ. ਪੀ. ਦੀ ਗੱਲ ਮੰਨਣ ਨੂੰ ਮਜਬੂਰ ਹੋ ਗਈ। 13 ਸਤੰਬਰ ਨੂੰ ਡੀ. ਐੱਸ. ਪੀ. ਨੇ ਉਸ ਨੂੰ ਹਨੂੰਮਾਨ ਚੌਕ ਸਥਿਤ ਹੋਟਲ ‘ਚ ਬੁਲਾਇਆ ਜਿਥੇ ਉਸ ਨੇ ਡਰਾ ਧਮਕਾ ਕੇ ਉਸ ਨਾਲ ਗਲਤ ਕੰਮ ਕੀਤਾ ਤੇ ਬੀਤੀ 26 ਅਕਤੂਬਰ ਦੀ ਰਾਤ ਨੂੰ ਵੀ ਉਸ ਨੇ ਫਿਰ ਤੋਂ ਉਸ ਨੂੰ ਹੋਟਲ ‘ਚ ਬੁਲਾਇਆ ਜਿਥੇ ਡੀ. ਐੱਸ. ਪੀ.ਨੇ ਦੁਬਾਰਾ ਉਸ ਦੇ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਰੌਲਾ ਪਾ ਦਿੱਤਾ। ਮਹਿਲਾ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਜਿਸ ਦੇ ਚੱਲਦਿਆਂ ਡੀਐਸਪੀ ‘ਤੇ ਜਿਨਸੀ ਸ਼ੋਸ਼ਣ ਤੇ ਬਲੈਕਮੇਲ ਕਰਨ ਸੰਬੰਧੀ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।