Special post covid coaches : ਅੰਬਾਲਾ : ਕੋਰੋਨਾ ਵਾਇਰਸ ਨਾਲ ਜੰਗ ਵਿੱਚ ਰੇਲਵੇ ਪੂਰੀ ਸ਼ਿੱਦਤ ਨਾਲ ਜੱਦੋ-ਜਹਿਦ ਕਰ ਰਿਹਾ ਹੈ। ਇਸੇ ਲੜੀ ਵਿੱਚ ਪੰਜਾਬ ਦੇ ਕਪੂਰਥਲਾ ਰੇਲ ਕੋਚ ਫੈਕਟਰੀ ਵਿੱਚ ਪੋਸਟ ਕੋਵਿਡ ਕੋਚ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਨੂੰ ਹੋਰ ਵਧੇਰੇ ਸੁਰੱਖਿਅਤ ਬਣਾਇਆ ਗਿਆ ਹੈ। ਇਸ ਵੇਲੇ ਅਜਿਹੇ ਚਾਰ ਕੋਚ ਤਿਆਰ ਕੀਤੇ ਗਏ ਹਨ, ਜਿਨ੍ਹਾਂ ਨੂੰ ਰੇਲਵੇ ਮੰਤਰਾਲੇ ਨੇ ਆਪਣੇ ਤਿੰਨ ਜ਼ੋਨਾਂ ਨੂੰ ਸੌਪਿਆ ਹੈ। ਹੁਣ ਯਾਤਰੀਆਂ ਦੀ ਫੀਡਬੈਕ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੋਰ ਕੋਚ ਤਿਆਰ ਕਰਨ ਦੀ ਯੋਜਨਾ ਹੈ। ਇਨ੍ਹਾਂ ਕੋਚਾਂ ਨੂੰ ਲਿੰਕ ਹਾਫਮੈਨਜ਼ ਬੁਸ਼ (ਐਲਐਚਬੀ) ਕਿਹਾ ਜਾਂਦਾ ਹੈ।
ਦੱਸਣਯੋਗ ਹੈ ਕਿ ਇਨ੍ਹਾਂ ‘ਤੇ ਚੜ੍ਹਨ ਤੋਂ ਬਾਅਦ, ਯਾਤਰੀਆਂ ਦੇ ਹੱਥ ਆਉਣ ਵਾਲੀਆਂ ਥਾਵਾਂ ਨੂੰ ਵਿਸ਼ੇਸ਼ ਕੋਚਾਂ ਵਿਚ ਨਿਸ਼ਾਨਬੱਧ ਕੀਤਾ ਗਿਆ ਹੈ। ਇਸ ਵਿਚ ਕਾਪਰ ਕੋਟੇਡ ਹੈਂਡਲਜ਼, ਚਿਟਕਨੀਆਂ, ਕੁੰਡੀਆਂ ਲਗਾਈਆਂ ਗਈਆਂ ਹਨ, ਜੋ ਐਂਟੀ ਮਾਈਕਰੋਬਿਅਲ ਗੁਣਾਂ ਨਾਲ ਲੈਸ ਹੈ। ਇਸ ‘ਤੇ ਵਾਇਰਸ ਕੁਝ ਘੰਟਿਆਂ ਵਿੱਚ ਖ਼ਤਮ ਹੋ ਜਾਂਦਾ ਹੈ। ਯਾਤਰੀਆਂ ਦੀ ਸਹੂਲਤ ਲਈ ਹੈਂਡਫ੍ਰੀ ਦੀ ਸਹੂਲਤ ਵੀ ਪ੍ਰਦਾਨ ਕੀਤੀ ਗਈ ਹੈ। ਪਖਾਨਿਆਂ ਵਿਚ ਪੈਰ ਨਾਲ ਚੱਲਣ ਵਾਲੀਆਂ ਪਾਣੀ ਦੀਆਂ ਟੂਟੀਆਂ ਅਤੇ ਵਾਸ਼ ਬੇਸਿਨ ਤੇ ਸਾਬਣ ਡਿਸਪੈਂਸਰ ਸ਼ਾਮਲ ਹਨ। ਇਸੇ ਤਰ੍ਹਾਂ, ਲਾਵੇਟਰੀ ਦਰਵਾਜ਼ਾ, ਕੰਪਾਰਟਮੈਂਟ ਦਰਵਾਜ਼ਾ, ਫਲੱਸ਼ ਵਾਲਵ ਪੈਰ ਨਾਲ ਚੱਲਣ ਵਾਲੀਆਂ ਵਿਵਸਥਾਵਾਂ ਨਾਲ ਲੈਸ ਹਨ। ਸਾਈਡ ਤੋਂ ਖੁੱਲ੍ਹਣ ਲਈ ਏ ਸੀ ਦੇ ਕੰਪਾਰਟਮੈਂਟ ਦਾ ਵਿਸ਼ੇਸ਼ ਪ੍ਰਬੰਧ ਹੈ। ਇਸ ਤੋਂ ਇਲਾਵਾ ਪਲਾਜ਼ਮਾ ਏਅਰ ਉਪਕਰਣ ਦੀ ਇਕ ਪ੍ਰਣਾਲੀ ਵੀ ਹੈ। ਇਹ ਉਪਕਰਣ ਕੋਚ ਦੇ ਅੰਦਰ ਦੀ ਹਵਾ ਦਾ ਇਸਤੇਮਾਲ ਕਰਕੇ ਸਾਫ ਕਰਦਾ ਹੈ। ਇਨ੍ਹਾਂ ਪੋਸਟ ਕੋਵਿਡ ਕੋਚਾਂ ਵਿੱਚ ਟਾਇਟਨੀਅਮ ਡਾਈਆਕਸਾਈਡ ਦੀ ਨੈਨੋ ਪਰਤ ਹੁੰਦੀ ਹੈ, ਜੋ ਵਾਇਰਸ, ਬੈਕਟਰੀਆ, ਮੋਲਡ ਅਤੇ ਫੰਗਲ ਨੂੰ ਖਤਮ ਕਰਦੀ ਹੈ। ਰੇਲਵੇ ਦਾ ਮੰਨਣਾ ਹੈ ਕਿ ਕੋਚ ਵਿਚ ਆਉਣ ਵਾਲੀਆਂ ਇਹ ਤਬਦੀਲੀਆਂ ਕੋਰੋਨਾ ਤੋਂ ਤਾਂ ਬਚਾਉਣਗੀਆਂ ਹੀ, ਅਤੇ ਹੋਰ ਵਾਇਰਸਾਂ ਦਾ ਫੈਲਣਾ ਵੀ ਰੁਕ ਜਾਵੇਗਾ।
ਜ਼ਿਕਰਯੋਗ ਹੈ ਕਿ ਅਜਿਹੇ ਇਕ ਕੋਚ ਦੀ ਉਸਾਰੀ ‘ਤੇ ਸੱਤ ਲੱਖ ਰੁਪਏ ਦਾ ਖਰਚ ਆਇਆ ਹੈ। ਜੈਪੁਰ ਤੋਂ ਇੰਦੌਰ ਦੇ ਵਿਚਕਾਰ ਚੱਲਣ ਵਾਲੀ ਰੇਲਗੱਡੀ ਨੰਬਰ 02984, ਜੈਪੁਰ ਤੋਂ ਇੰਦੋਰ ਵਿੱਚ ਸ਼ੁੱਕਰਵਾਰ ਨੂੰ ਇਹ ਕੋਚ ਲਗਾਏ ਜਾਣਗੇ। ਇਸੇ ਤਰ੍ਹਾਂ ਉੱਤਰੀ ਰੇਲਵੇ ਅੰਬਾਲਾ, ਫਿਰੋਜ਼ਪੁਰ, ਲਖਨਊ, ਦਿੱਲੀ ਅਤੇ ਮੁਰਾਦਾਬਾਦ ਦਰਮਿਆਨ ਇੱਕ ਰੇਲ ਗੱਡੀ ਵਿੱਚ ਵੀ ਇੱਕ ਕੋਚ ਲਗਾਇਆ ਜਾਏਗਾ। ਚੌਥਾ ਕੋਚ ਪੱਛਮੀ ਰੇਲਵੇ ਨੂੰ ਦਿੱਤਾ ਗਿਆ ਹੈ। ਰੇਲਵੇ ਦੀ ਕੋਸ਼ਿਸ਼ ਹੈ ਕਿ ਮੌਜੂਦਾ ਸਮੇਂ ਵਿੱਚ ਇਨ੍ਹਾਂ ਕੋਚਾਂ ਦੀ ਵਰਤੋਂ ਕੀਤੀ ਜਾਵੇ ਜਿਥੇ ਕੋਰੋਨਾ ਦਾ ਪ੍ਰਕੋਪ ਵਧੇਰੇ ਹੁੰਦਾ ਹੈ।