England Sikh Society helped Granthis : ਸਿੱਖ ਭਾਈਚਾਰੇ ਭਾਵੇਂ ਦੇਸ਼ ਵਿੱਚ ਹੋਵੇ ਭਾਵੇਂ ਵਿਦੇਸ਼ ਵਿੱਚ ਹੋਵੇ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਉਹ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕਰਨ ਲਈ ਅੱਗੇ ਰਹਿੰਦਾ ਹੈ। ਜਿਥੇ ਦੇਸ਼ ਇਸ ਸਮੇਂ ਕੋਰੋਨਾ ਦੀ ਮਾਰ ਝੱਲ ਰਿਹਾ ਹੈ ਜਿਸ ਨਾਲ ਕਈ ਲੋਕ ਬੇਰੋਜ਼ਗਾਰ ਹੋਏ ਹਨ, ਉਥੇ ਹੀ ਗੁਰਦੁਆਰਾ ਸਾਹਿਬਾਂ ਦੇ ਗ੍ਰੰਥੀ ਸਿੰਘ ਵੀ ਇਸ ਆਰਥਿਕ ਮਾਰ ਦਾ ਸਾਹਮਣਾ ਕਰ ਰਹੇ ਹਨ। ਆਪਣੇ ਦੇਸ਼ ਵਿੱਚ ਸੁਲਤਾਨਪੁਰ ਲੋਧੀ ਵਿਖੇ ਇਨ੍ਹਾਂ ਗ੍ਰੰਥੀ ਸਿੰਘਾਂ ਦੀ ਮਦਦ ਕਰਨ ਲਈ ਇੰਗਲੈਂਡ ਦੀ ਸੰਗਤ ਐਡ ਸੇਵਾ ਸੁਸਾਇਟੀ ਅੱਗੇ ਆਈ ਅਤੇ ਗ੍ਰੰਥੀ ਸਿੰਘਾਂ ਨੂੰ 18 ਲੱਖ ਦੀ ਆਰਥਿਕ ਸੇਵਾ ਕੀਤੀ।
ਸੁਲਤਾਨਪੁਰ ਲੋਧੀ ਵਿੱਚ ਗੁਰਦੁਆਰਾ ਸ੍ਰੀ ਅੰਤਰਯਾਤਮਾ ਵਿਖੇ ਇੰਗਲੈਂਡ ਤੋਂ ਪਰਤੇ ਸੰਗਤ ਐਡ ਸੇਵਾ ਸੁਸਾਇਟੀ ਦੇ ਮੈਂਬਰ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਵਧੇਰੇ ਲੋੜਵੰਦ ਸਿੰਘਾਂ ਦੀ 51000 ਜਦਕਿ ਉਨ੍ਹਾਂ ਤੋਂ ਘੱਟ ਲੋੜਵੰਦ 11 ਗ੍ਰੰਥੀ ਸਿੰਘਾਂ ਦੀ 31000 ਰੁਪਏ ਦੀ ਮਦਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਯੂਕੇ ਵਿੱਚ ਬੈਠੇ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਉਹ ਇਨ੍ਹਾਂ ਗ੍ਰੰਥੀ ਸਿੰਘਾਂ ਦੀ ਸੇਵਾ ਵਾਸਤੇ ਇਥੇ ਆਏ ਹਨ। ਉਨ੍ਹਾਂ ਦੱਸਿਆ ਕਿ ਲੌਕਡਾਊਨ ਕਾਰਨ ਗ੍ਰੰਥੀ ਸਿੰਘਾਂ ਨੂੰ ਵੀ ਆਰਥਿਕ ਮਾਰ ਝੱਲਣੀ ਪਈ ਸੀ। ਗ੍ਰੰਥੀ ਸਾਹਿਬਾਨਾਂ ਦੀਆਂ ਕੋਰੋਨਾ ਲੌਕਡਾਊਨ ਕਾਰਨ ਸੇਵਾਵਾਂ ਘੱਟ ਗਈਆਂ। ਉਹ ਨੂੰ ਸਰਕਾਰ ਵੱਲੋਂ ਦੇਰ ਬਾਅਦ ਝੋਨੇ ਤੇ ਕਣਕ ਦੀ ਮਦਦ ਦਿੱਤੀ ਜਾਂਦੀ ਸੀ, ਪਰ ਉਨ੍ਹਾਂ ਵਿੱਚੋਂ ਵੀ ਕਈ ਇਸ ਤੋਂ ਵਾਂਝੇ ਰਹਿ ਜਾਂਦੇ ਸਨ। ਇਸ ਦੇ ਚੱਲਦਿਆਂ ਸੇਵਾ ਟਰੱਸਟ ਨੇ ਸਿੱਖ ਭਾਈਚਾਰੇ ਦੀ ਮਦਦ ਨਾਲ ਲੋੜਵੰਦ ਗ੍ਰੰਥੀ ਸਿੰਘਾਂ ਦੀ ਆਰਥਿਕ ਮਦਦ ਦਾ ਫੈਸਲਾ ਲਿਆ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਉਨ੍ਹਾਂ ਨਾਲ ਸੰਤ ਬਾਬਾ ਜਗਤਾਰ ਸਿੰਘ ਤਰਨਤਾਰਨ ਕਾਰ ਸੇਵਾ ਵਾਲੇ ਤੇ ਸੰਤ ਬਾਬਾ ਸੇਵਾ ਸਿੰਘ ਸਹਿਯੋਗ ਦੇ ਕੇ ਸੇਵਾ ਨੂੰ ਨੇਪਰੇ ਚਾੜਿਆ। ਉਨ੍ਹਾਂ ਦੱਸਿਆ ਕਿ 2 ਦਸੰਬਰ ਨੂੰ ਇਹ ਗ੍ਰੰਥੀ ਸਿੰਘ ਆਪੋ- ਆਪਣੇ ਗੁਰਦੁਆਰਾ ਸਾਹਿਬਾਂ ਵਿੱਚ ਸਹਿਜ ਪਾਠ ਕਰਨਗੇ, ਜਦਕਿ ਵਿਦੇਸ਼ ਵਿੱਚ ਸੇਵਾ ਕਰਨ ਵਾਲੀ ਸਿੱਖ ਸੰਗਤ ਪ੍ਰਤੀ ਅਰਦਾਸ ਗੁਰਦੁਆਰਾ ਅੰਤਰਯਾਤਮਾ ਵਿਖੇ ਹੀ ਕੀਤੀ ਜਾਵੇਗੀ।