Former Gujarat CM Keshubhai Patel dies: ਗਾਂਧੀਨਗਰ: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕੇਸ਼ੂਭਾਈ ਪਟੇਲ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਵੀ ਰਹੇ ਹਨ। ਦੋ ਦਿਨ ਪਹਿਲਾਂ ਉਹ ਕੋਰੋਨਾ ਵਾਇਰਸ ਨਾਲ ਵੀ ਸੰਕਰਮਿਤ ਹੋਏ ਸੀ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਦਿੱਗਜ ਰਾਜ ਨੇਤਾ ਕੇਸ਼ੂਭਾਈ ਪਟੇਲ ਨੂੰ ਵੀਰਵਾਰ ਸਵੇਰੇ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ ਹੈ। ਕੇਸ਼ੂਭਾਈ ਪਟੇਲ 92 ਸਾਲਾਂ ਦੇ ਸਨ। ਕੇਸ਼ੂਭਾਈ ਪਟੇਲ ਦੇ ਬੇਟੇ ਦੇ ਅਨੁਸਾਰ, ਕੋਰੋਨਾ ਨੂੰ ਮਾਤ ਦੇਣ ਤੋਂ ਬਾਅਦ ਵੀ ਉਨ੍ਹਾਂ ਦੀ ਸਿਹਤ ਨਿਰੰਤਰ ਵਿਗੜਦੀ ਜਾ ਰਹੀ ਸੀ। ਪਰ ਜਦੋਂ ਉਨ੍ਹਾਂ ਨੂੰ ਵੀਰਵਾਰ ਸਵੇਰੇ ਸਾਹ ਲੈਣ ‘ਚ ਮੁਸ਼ਕਿਲ ਆਉਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਤਾਂ ਉਨ੍ਹਾਂ ‘ਚ ਇਲਾਜ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਹੋਇਆ।
ਕੇਸ਼ੂਭਾਈ ਪਟੇਲ ਨੇ ਸਭ ਤੋਂ ਪਹਿਲਾਂ ਸਾਲ 1995 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1998 ਤੋਂ 2001 ਤੱਕ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਕੇਸ਼ੂਭਾਈ ਪਟੇਲ ਨੇ ਰਾਜ ਵਿੱਚ ਛੇ ਵਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਕੇਸ਼ੂਭਾਈ ਪਟੇਲ ਨੇ ਸਾਲ 2012 ਵਿੱਚ ਭਾਜਪਾ ਪਾਰਟੀ ਛੱਡ ਦਿੱਤੀ ਸੀ ਅਤੇ ਆਪਣੀ ਨਵੀਂ ਪਾਰਟੀ ‘ਗੁਜਰਾਤ ਪਰਿਵਰਤਨ ਪਾਰਟੀ’ ਬਣਾਈ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਵਿਸਾਵਦਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ, ਪਰ ਬਾਅਦ ਵਿੱਚ ਖਰਾਬ ਸਿਹਤ ਕਾਰਨ ਉਨ੍ਹਾਂ ਨੇ 2014 ਵਿੱਚ ਅਸਤੀਫਾ ਦੇ ਦਿੱਤਾ ਸੀ। 1945 ਵਿੱਚ ਕੇਸ਼ੂਭਾਈ ਪਟੇਲ ਰਾਸ਼ਟਰੀ ਸਵੈਮ ਸੇਵਕ ਸੰਘ ਵਿੱਚ ਪ੍ਰਚਾਰਕ ਵਜੋਂ ਸ਼ਾਮਿਲ ਹੋਏ ਸੀ। ਉਹ 1975 ਵਿੱਚ ਐਮਰਜੈਂਸੀ ਦੌਰਾਨ ਜੇਲ੍ਹ ਵੀ ਗਏ ਸਨ। ਕੇਸ਼ੂਭਾਈ ਪਟੇਲ ਨੂੰ ਗੁਜਰਾਤ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਨੇਤਾਵਾਂ ਵਿੱਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੇ ਜਨ ਸੰਘ ਦੇ ਸਮੇਂ ਤੋਂ ਪਾਰਟੀ ਲਈ ਕੰਮ ਕੀਤਾ ਸੀ। ਰਾਜ ਵਿੱਚ ਭਾਜਪਾ ਦੇ ਪਹਿਲੇ ਮੁੱਖ ਮੰਤਰੀ ਵੀ ਕੇਸ਼ੂਭਾਈ ਪਟੇਲ ਹੀ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੇਸ਼ੂਭਾਈ ਪਟੇਲ ਨਾਲ ਲੰਬੇ ਸਮੇਂ ਤੱਕ ਕੰਮ ਕੀਤਾ ਅਤੇ ਅਕਸਰ ਨਰਿੰਦਰ ਮੋਦੀ ਕੇਸ਼ੂਭਾਈ ਪਟੇਲ ਦਾ ਆਸ਼ੀਰਵਾਦ ਲੈਣ ਉਨ੍ਹਾਂ ਕੋਲ ਜਾਂਦੇ ਸਨ।