100% staff will be present : ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਦਫਤਰਾਂ ਵਿੱਚ 50 ਫੀਸਦੀ ਸਟਾਫ ਨਾਲ ਕੰਮ ਕਰਨ ਦੀਆਂ ਜਾਰੀ ਕੀਤੀਆਂ ਹਿਦਾਇਤਾਂ ਨੂੰ ਹੁਣ ਵਾਪਿਸ ਲੈ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਣ ਨਵੇਂ ਹੁਕਮਾਂ ਮੁਤਾਬਕ ਦਫਤਰਾਂ ਵਿੱਚ 100 ਫੀਸਦੀ ਸਟਾਫ ਹਾਜ਼ਰ ਹੋਵੇਗਾ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ 10 ਜੂਨ ਨੂੰ ਹੁਕਮ ਜਾਰੀ ਕੀਤੇ ਗਏ ਸਨ ਕਿ ਦਫਤਰਾਂ ਵਿੱਚ 50 ਫੀਸਦੀ ਸਟਾਫ ਬੁਲਾਇਆ ਜਾਵੇਗਾ। ਪਰ ਹੁਣ ਦਫਤਰਾਂ ’ਚ 100 ਫੀਸਦੀ ਸਟਾਫ ਦੀ ਹਾਜ਼ਰੀ ਲਾਜ਼ਮੀ ਹਵੇਗੀ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਹੁਣ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਘੱਟ ਰਹੇ ਹਨ, ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਹੁਣ 10 ਜੂਨ ਨੂੰ ਜਾਰੀ ਕੀਤੇ ਪੁਰਾਣੇ ਹੁਕਮਾਂ, ਜਿਨ੍ਹਾਂ ਵਿੱਚ ਦਫਤਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰਖਦਿਆਂ 50 ਫੀਸਦੀ ਸਟਾਫ ਬੁਲਾਉਣ ਦੇ ਹੁਕਮ ਜਾਰੀ ਕੀਤੇ ਸਨ, ਨੂੰ ਵਾਪਿਸ ਲੈ ਲਿਆ ਹੈ। ਹਾਲਾਂਕਿ ਇਸ ਦੌਰਾਨ ਸਟਾਫ ਨੂੰ ਕੋਰੋਨਾ ਤੋਂ ਬਚਾਅ ਲਈ ਦਿੱਤੀਆਂ ਗਈਆਂ ਹਿਦਾਇਤਾਂ ਦੀ ਵੀ ਪਾਲਣਾ ਕਰਨੀ ਪਏਗੀ, ਜਿਨ੍ਹਾਂ ਵਿੱਚ ਇਕ- ਦੂਜੇ ਤੋਂ ਉਚਿਤ ਦੂਰੀ ਬਣਾ ਕੇ ਰੱਖਣਾ, ਮਾਸਕ ਪਹਿਨਣਾ ਅਤੇ ਸੈਨੀਟਾਈਜ਼ਰ ਦੀ ਵਰਤੋਂ ਕਰਨਾ ਆਦਿ ਸ਼ਾਮਲ ਹਨ। ਭਾਵੇਂ ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਪਰ ਫਿਰ ਵੀ ਸੁਰੱਖਿਆ ਨੂੰ ਧਿਆਨ ਵਿੱਚ ਰਖਦੇ ਹੋਏ ਇਨ੍ਹਾਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰਨੀ ਸਾਰੇ ਸਟਾਫ ਮੈਂਬਰਾਂ ਲਈ ਜ਼ਰੂਰੀ ਹੋਵੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਗਿਰਾਵਟ ਆਈ ਹੈ ਅਤੇ ਮੌਤ ਦੀ ਦਰ ਵੀ ਸੂਬੇ ਵਿੱਚ ਕਾਫੀ ਘੱਟ ਹੋ ਗਈ ਹੈ। ਸੂਬੇ ਵਿੱਚ ਇਸ ਮਹਾਮਾਰੀ ਤੋਂ ਰਿਕਵਰੀ ਰੇਟ ਵੀ 93.8 ਫੀਸਦੀ ਤੱਕ ਦਰਜ ਕੀਤਾ ਗਿਆ ਹੈ। ਹਾਲਾਂਕਿ ਸਹਿ- ਬੀਮਾਰੀ ਵਾਲੇ ਮਰੀਜ਼ਾਂ ਨੂੰ ਇਸ ਬੀਮਾਰੀ ਤੋਂ ਰੋਕਥਾਮ ਲਈ ਲੋੜੀਂਦੇ ਉਪਾਅ ਕਰਨ ਲਈ ਲਗਾਤਾਰ ਕਿਹਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਆਮ ਲੋਕਾਂ ਨੂੰ ਵੀ ਮਾਸਕ ਪਹਿਨ ਕੇ ਰੱਖਣ ਤੇ ਦੂਰੀ ਬਣਾਉਣ ਸੰਬੰਧੀ ਹਿਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਤਾਂਜੋ ਇਸ ਬੀਮਾਰੀ ਤੋਂ ਬੱਚਿਆ ਜਾ ਸਕੇ।