Riots again in Munger: ਮੁੰਗੇਰ: ਬਿਹਾਰ ਦੇ ਮੁੰਗੇਰ ਵਿੱਚ ਵੀਰਵਾਰ ਨੂੰ ਸਥਿਤੀ ਫਿਰ ਬੇਕਾਬੂ ਹੋ ਗਈ ਜਦੋਂ ਬਦਮਾਸ਼ਾਂ ਨੇ ਪੂਰਬੀ ਸਰਾਏ ਥਾਣੇ ਨੂੰ ਅੱਗ ਲਗਾ ਦਿੱਤੀ ਅਤੇ ਉਥੇ ਖੜੇ ਪੁਲਿਸ ਵਾਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ। ਦੁਰਗਾ ਮੂਰਤੀ ਵਿਸਰਜਨ (ਜਲ ਪ੍ਰਵਾਹ) ਦੌਰਾਨ ਪੁਲਿਸ ਦੀ ਫਾਇਰਿੰਗ ਅਤੇ ਇੱਕ ਵਿਅਕਤੀ ਦੀ ਮੌਤ ਤੋਂ ਨਾਰਾਜ਼ ਲੋਕਾਂ ਨੇ ਐਸਡੀਓ ਅਤੇ ਐਸਪੀ ਦਫਤਰ ਅਤੇ ਨਿਵਾਸ ਤੇ ਪੱਥਰ ਵੀ ਸੁੱਟੇ ਹਨ। ਇਸ ਸਮੇਂ ਦੌਰਾਨ ਭੀੜ ਨੇ ਗੋਲੀਬਾਰੀ ਵਿਰੁੱਧ ਹਿੰਸਕ ਪ੍ਰਦਰਸ਼ਨ ਵੀ ਕੀਤੇ ਅਤੇ ਮੁੰਗੇਰ ਦੇ ਐਸਪੀ ਲਿਪੀ ਸਿੰਘ ਅਤੇ ਐਸ.ਡੀ.ਓ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਮੁੰਜਰ ਰੇਂਜ ਦੇ ਡੀਆਈਜੀ ਮਨੂੰ ਮਹਾਰਾਜ ਨੇ ਕਿਹਾ ਹੈ ਕਿ ਉੱਥੇ ਹੁਣ ਸਥਿਤੀ ਨਿਯੰਤਰਣ ਅਧੀਨ ਹੈ। ਉਨ੍ਹਾਂ ਨੇ ਦੱਸਿਆ ਕਿ ਖੇਤਰ ਵਿੱਚ ਇੱਕ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਅਧਿਕਾਰੀ ਨਿਰੰਤਰ ਗਸ਼ਤ ਕਰ ਰਹੇ ਹਨ ਅਤੇ ਖੇਤਰ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਥਾਣੇ ਨੂੰ ਅੱਗ ਲਾਉਣ ਵਾਲਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਡੀਐਸਪੀ ਅਤੇ ਐਸਡੀਓ ਦਫ਼ਤਰ ਅਤੇ ਰਿਹਾਇਸ਼ ’ਤੇ ਪੱਥਰਬਾਜੀ ਕੀਤੀ ਹੈ। ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਜ਼ਾ ਦਿੱਤੀ ਜਾਵੇਗੀ।
ਹਾਲਾਂਕਿ, ਉਨ੍ਹਾਂ ਨੇ 26 ਅਕਤੂਬਰ ਨੂੰ ਦੁਰਗਾ ਮੂਰਤੀ ਵਿਸਰਜਨ ਦੌਰਾਨ ਫਾਇਰਿੰਗ ਦੀ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਅਤੇ ਕਿਹਾ ਕਿ ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ, ਸਰਕਾਰ ਨੇ ਡੀਐਮ ਰਾਜੇਸ਼ ਮੀਨਾ ਅਤੇ ਐਸਪੀ ਲਿਪੀ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ। ਮਾਨਵਜੀਤ ਸਿੰਘ ਢਿੱਲੋਂ ਨੂੰ ਨਵਾਂ ਐਸਪੀ ਅਤੇ ਰਚਨਾ ਪਾਟਿਲ ਨੂੰ ਨਵਾਂ ਡੀਐਮ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਮਗਧ ਡਵੀਜ਼ਨ ਦੇ ਕਮਿਸ਼ਨਰ ਅਸੰਗਬਾ ਚੂਬਾ ਏਓ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕਮਿਸ਼ਨ ਨੇ ਸੱਤ ਦਿਨਾਂ ਵਿੱਚ ਰਿਪੋਰਟ ਮੰਗੀ ਹੈ। ਮੁੰਗੇਰ ਵਿੱਚ ਦੁਰਗਾ ਮੂਰਤੀ ਦੇ ਵਿਸਰਜਨ (ਜਲ ਪ੍ਰਵਾਹ) ਦੌਰਾਨ ਹੋਈ ਹਿੰਸਾ ਅਤੇ ਪੁਲਿਸ ਦੀ ਗੋਲੀ ਨਾਲ ਇੱਕ ਨੌਜਵਾਨ ਦੀ ਮੌਤ ਦੇ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਨੇ ਨਿਤੀਸ਼ ਸਰਕਾਰ ‘ਤੇ ਵੀ ਤਿੱਖਾ ਹਮਲਾ ਬੋਲਿਆ ਹੈ।