Firing on a police team chasing gangsters : ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਰਾਤ ਸਾਈਆਈਏ ਸਟਾਫ ਤੇ ਪੁਲਿਸ ਵਿਚਾਲੇ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਸੀਆਈਏ ਸਟਾਫ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ, ਜਿਥੇ ਗੈਂਗਸਟਰਾਂ ਨੇ ਪੁਲਿਸ ’ਤੇ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਨੇ ਵੀ ਜਵਾਬੀ ਫਾਇਰਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਪਾਸਿਆਂ ਤੋਂ 20 ਤੋਂ ਵੱਧ ਗੋਲੀਆਂ ਚੱਲੀਆਂ ਸਨ। ਗੋਲੀ ਲੱਗਣ ਨਾਲ ਇਕ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਿਆ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ, ਕੋਈ ਵੀ ਪੁਲਿਸ ਅਧਿਕਾਰੀ ਇਸ ਘਟਨਾ ਨੂੰ ਲੈ ਕੇ ਪੁਸ਼ਟੀ ਨਹੀਂ ਕਰ ਰਿਹਾ ਹੈ। ਘਟਨਾ ਤੋਂ ਬਾਅਦ ਪੁਲਿਸ ਕਮਿਸ਼ਨਰ ਤੋਂ ਲੈਕੇ ਏਸੀਪੀ ਪੱਧਰ ਦੇ ਅਧਿਕਾਰੀਆਂ ਤੱਕ ਗੱਡੀਾਂ ਤੇਜ਼ੀ ਨਾਲ ਬਾਈਪਾਸ ਵੱਲ ਜਾਂਦੀਆਂ ਨਜ਼ਰ ਆਈਆਂ। ਰਣਜੀਤ ਐਵੇਨਿਊ ਥਾਣਾ, ਸਦਰ ਥਾਣਾ, ਮਜੀਠਾ ਰੋਡ ਥਾਣਾ ਅਤੇ ਵੇਰਕਾ ਥਾਣਾ ਦੀ ਪੁਲਿਸ ਨੂੰ ਅਲਰਟ ਕੀਤਾ ਗਿਆ।
ਜਾਣਕਾਰੀ ਅਨੁਸਾਰ ਸੀਆਈਏ ਸਟਾਫ ਨੂੰ ਸ਼ੁੱਕਰਵਾਰ ਰਾਤ ਨੂੰ ਸੂਚਿਤ ਕੀਤਾ ਗਿਆ ਸੀ ਕਿ ਕੁਝ ਗੈਂਗਸਟਰ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੀ ਕਾਰ ਵਿੱਚ ਮਜੀਠਾ ਰੋਡ ਬਾਈਪਾਸ ਤੋਂ ਲੰਘ ਰਹੇ ਸਨ। ਸੀਆਈਏ ਦੀ ਟੀਮ ਨੇ ਫਿਰ ਮਜੀਠਾ ਰੋਡ ਬਾਈਪਾਸ ਜਾਮ ਕਰ ਦਿੱਤਾ। ਪੁਲਿਸ ਮੁਲਾਜ਼ਮਾਂ ਨੇ ਇੱਕ ਕਾਰ ਨੂੰ ਆਉਂਦੇ ਦੇਖ ਕੇ ਰੁਕਣ ਦਾ ਇਸ਼ਾਰਾ ਕੀਤਾ, ਪਰ ਦੋਸ਼ੀਆਂ ਨੇ ਨਾਕਾ ਤੋੜ ਕੇ ਕਾਰ ਨੂੰ ਭਜਾ ਦਿੱਤਾ। ਸੀਆਈਏ ਸਟਾਫ ਦੀਆਂ ਤਿੰਨ ਕਾਰਾਂ ਨੇ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਗੈਂਗਸਟਰਾਂ ਨੇ ਆਪਣੇ ਆਪ ਨੂੰ ਬਾਈਪਾਸ ’ਤੇ ਘਿਰਦੇ ਦੇਖ ਕੇ ਪੁਲਿਸ ਟੀਮ ’ਤੇ ਤਾਬੜਤੋੜ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਟੀਮ ਨੇ ਵੀ ਫਾਇਰਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਅਤੇ ਗੈਂਗਸਟਰਾਂ ਵਿਚ 20 ਤੋਂ ਵੱਧ ਗੋਲੀਆਂ ਚੱਲੀਆਂ। ਗੋਲੀਬਾਰੀ ਦੌਰਾਨ ਇੱਕ ਗੋਲੀ ਨਵਪ੍ਰੀਤ ਸਿੰਘ ਨਾਮ ਦੇ ਕਾਂਸਟੇਬਲ ਦੀ ਬਾਂਹ ’ਤੇ ਲੱਗੀ। ਦੱਸਿਆ ਜਾਂਦਾ ਹੈ ਕਿ ਗੋਲੀ ਨਵਪ੍ਰੀਤ ਸਿੰਘ ਦੀ ਬਾਂਹ ਨੂੰ ਛੂਹ ਕੇ ਨਿਕਲ ਗਈ, ਉਸ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।