Khalistani slogans written : ਪੰਜਾਬ ਵਿਚ ਸ਼ਨੀਵਾਰ ਨੂੰ ਦੇਸ਼ ਵਿਰੋਧੀ ਮੰਨੀਆਂ ਜਾਣ ਵਾਲੀਆਂ ਖਾਲਿਸਤਾਨੀ ਵਿਚਾਰਧਾਰਾ ਦੇ ਸਮਰਥਨ ਦੀਆਂ ਸਾਜ਼ਿਸ਼ਾਂ ਸਾਹਮਣੇ ਆਈਆਂ ਹਨ। ਹੁਸ਼ਿਆਰਪੁਰ ਵਿੱਚ ਇੱਕ ਖਾਲਿਸਤਾਨ ਪੱਖੀ ਨਾਅਰੇ ਇੱਕ ਗੁਰਦੁਆਰੇ ਦੇ ਨਜ਼ਦੀਕ ਦੁਕਾਨਾਂ ਦੇ ਸ਼ਟਰਾਂ ‘ਤੇ ਲਿਖੇ ਹੋਏ ਪਾਏ ਗਏ, ਜਦੋਂ ਕਿ ਪਟਿਆਲੇ ਜ਼ਿਲੇ ਦੇ ਸਨੌਰ ਕਸਬੇ ਵਿੱਚ ਸਰਕਾਰੀ ਸਕੂਲ ਨੂੰ ਖਾਲਿਸਤਾਨੀਆਂ ਨੇ ਪ੍ਰਚਾਰ ਦਾ ਸਾਧਨ ਬਣਾਇਆ। ਇਥੇ ਸਕੂਲ ਦੇ ਗੇਟ ‘ਤੇ ਖਾਲਿਸਤਾਨ 2020 ਦਾ ਪੂਰਾ ਬੈਨਰ ਲਗਾਇਆ ਗਿਆ ਸੀ। ਹਾਲਾਂਕਿ ਦੋਵਾਂ ਥਾਵਾਂ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਨੇ ਸਥਿਤੀ ‘ਤੇ ਕਾਬੂ ਪਾਇਆ।
ਸ਼ਨੀਵਾਰ ਸਵੇਰੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹੁਸ਼ਿਆਰਪੁਰ ਦੇ ਬਹਿਰਾਮ- ਮਾਹਿਲਪੁਰ ਰੋਡ ‘ਤੇ ਸਥਿਤ ਇਕ ਗੁਰਦੁਆਰੇ ਦੇ ਨਾਲ ਦੁਕਾਨਾਂ ‘ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਇਸ ਉੱਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਹੋਰ ਵੀ ਬਹੁਤ ਕੁਝ ਲਿਖਿਆ ਹੋਇਆ ਸੀ। ਜਾਣਕਾਰੀ ਤੋਂ ਬਾਅਦ ਏਐਸਪੀ ਤੁਸ਼ਾਰ ਗੁਪਤਾ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸ਼ਟਰ ‘ਤੇ ਲਿਖੇ ਨਾਅਰਿਆਂ ‘ਤੇ ਪੁਲਿਸ ਨੇ ਸਿਆਹੀ ਪੁਤਵਾ ਦਿੱਤੀ। ਫਿਲਹਾਲ ਪੁਲਿਸ ਇਹ ਪਤਾ ਲਗਾਉਣ ਲਈ ਸੀਸੀਟੀਵੀ ਫੁਟੇਜ ਦੀ ਭਾਲ ਕਰ ਰਹੀ ਹੈ ਕਿ ਇਹ ਸਭ ਕਿਸ ਨੇ ਕੀਤਾ।
ਉਧਰ ਪਟਿਆਲੇ ਵਿਚ ਹੱਦ ਹੋ ਗਈ। ਜ਼ਿਲ੍ਹਾ ਸਨੌਰ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਗੇਟ ਉੱਤੇ ਖਾਲਿਸਤਾਨ ਦਾ ਸਮਰਥਨ ਕਰਨ ਵਾਲਾ ਇੱਕ ਬੈਨਰ ਹੀ ਲਗਾ ਦਿੱਤਾ ਗਿਆ ਸੀ। ਫਿਲਹਾਲ ਇਸ ਸੰਬੰਧੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸਕੂਲ ਦੇ ਗੇਟ ‘ਤੇ ਲਗਾਏ ਬੈਨਰ ‘ਤੇ ਕੈਨੇਡੀਅਨ ਸੰਪਰਕ ਨੰਬਰ (+1917533782) ਲਿਖਿਆ ਹੋਇਆ ਸੀ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਕੈਂਪਸ ਦੇ ਗੁਰਦੁਆਰੇ ਦੇ ਬਾਹਰ ਰੇਫਰੰਡਮ -2020 ਦਾ ਇੱਕ ਪੋਸਟਰ ਦਿਖਾਈ ਦਿੱਤਾ ਸੀ। ਪ੍ਰਸ਼ਾਸਨ ਨੇ ਇਸ ਦੀ ਭਿਣਕ ਲੱਗਦਿਆਂ ਹੀ ਇਸ ਨੂੰ ਉਤਰਵਾ ਦਿੱਤਾ ਸੀ। ਲਗਭਗ ਢਾਈ ਮਹੀਨੇ ਵਿੱਚ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।