6.5 million not : ਅਜਨਾਲਾ : ਟ੍ਰੈਵਲ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਦੇ ਮਾਮਲੇ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਹਨ। ਨੌਜਵਾਨਾਂ ‘ਤੇ ਵਿਦੇਸ਼ਾਂ ਨੂੰ ਜਾਣ ਦਾ ਇੰਨਾ ਕੁ ਜਨੂੰਨ ਹੁੰਦਾ ਹੈ ਕਿ ਉਹ ਕਿਸੇ ਵੀ ਕੀਮਤ ‘ਤੇ ਉਥੇ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ ਤੇ ਇਸੇ ਦਾ ਫਾਇਦਾ ਠੱਗ ਟ੍ਰੈਵਲ ਏਜੰਟਾਂ ਵੱਲੋਂ ਚੁੱਕਿਆ ਜਾਂਦਾ ਰਿਹਾ ਹੈ। ਅਜਿਹੀ ਹੀ ਇੱਕ ਠੱਗੀ ਦਾ ਮਾਮਲਾ ਅਜਨਾਲਾ ਵਿਖੇ ਸਾਹਮਣੇ ਆਇਆ ਹੈ ਜਿਥੇ ਵਿਦੇਸ਼ ਭੇਜਣ ਦੇ ਨਾਂ ‘ਤੇ 6.5 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਪੁਲਿਸ ਥਾਣਾ ਝੰਡੇਰ ਦੇ ਨੇੜੇ ਇੱਕ ਸਾਲ ਤੋਂ ਬਾਅਦ ਬਾਪ-ਬੇਟੀ ਖਿਲਾਫ ਮਾਮਲਾ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਖਾਲਸਾ ਕਾਲਜ ਅੰਮ੍ਰਿਤਸਰ ਦੇ ਸਾਹਮਣੇ ਰਹਿਣ ਵਾਲੀ ਸ਼ਿਵਾਨੀ ਮਹਿਰਾ ਤੇ ਉਸ ਦੇ ਪਿਤਾ ਕੇਵਲ ਕਿਸ਼ਨ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਝੰਡੇਰ ਥਾਣਾ ਤਹਿਤ ਪਿੰਡ ਖਤਰਾਏ ਕਲਾਂ ਨਿਵਾਸੀ ਹਰਪ੍ਰੀਤ ਸਿੰਘ ਨੇ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ‘ਚ ਅਗਸਤ 2019 ‘ਚ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ ਸ਼ਿਵਾਨੀ ਮੇਹਰਾ ਨੇ ਉਸ ਨੂੰ ਕੈਨੇਡਾ ਨਾਲ ਲੈ ਜਾਣ ਦਾ ਝਾਂਸਾ ਦਿੱਤਾ ਸੀ ਤੇ ਕਿਹਾ ਸੀ ਕਿ ਕੈਨੇਡਾ ਜਾਣ ਦਾ ਕੋਈ ਪੈਸਾ ਨਹੀਂ ਲੱਗੇਗਾ। ਪੀੜਤ ਹਰਪ੍ਰੀਤ ਸਿੰਘ ਮੁਤਾਬਕ ਸ਼ਿਵਾਨੀ ਅਰੋੜਾ ਨੇ ਆਪਣੇ ਪਿਤਾ ਕੇਵਲ ਕਿਸ਼ਨ ਨਾਲ ਮਿਲ ਕੇ ਉਨ੍ਹਾਂ ਤੋਂ 6.5 ਲੱਖ ਰੁਪਏ ਲੈ ਲਏ ਤੇ ਇਸ ਗੱਲ ਨੂੰ ਲਗਭਗ ਇੱਕ ਸਾਲ ਦਾ ਸਮਾਂ ਬੀਤ ਗਿਆ ਹੈ ਪਰ ਉਨ੍ਹਾਂ ਵੱਲੋਂ ਹਰਪ੍ਰੀਤ ਨੂੰ ਨਾ ਤਾਂ ਕੈਨੇਡਾ ਭੇਜਿਆ ਗਿਆ ਤੇ ਨਾ ਹੀ ਉਸ ਦੇ ਪੈਸੇ ਵਾਪਸ ਕੀਤੇ ਗਏ। ਇਸੇ ਲਈ ਏ. ਐੱਸ. ਆਈ. ਸੁਸ਼ੀਲ ਕੁਮਾਰ ਵੱਲੋਂ ਜਾਂਚ ਤੋਂ ਬਾਅਦ ਦੋਵਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਪਰ ਲੋਕਾਂ ਨੂੰ ਸੀਖ ਲੈਣੀ ਚਾਹੀਦੀ ਹੈ ਉਹ ਅਜਿਹੇ ਠੱਗ ਲੋਕਾਂ ਦੇ ਝਾਂਸੇ ‘ਚ ਨਾ ਆਉਣ ਤੇ ਪੂਰੀ ਜਾਂਚ ਪੜਤਾਲ ਤੋਂ ਬਾਅਦ ਹੀ ਆਪਣੇ ਪੈਸੇ ਦੇਣੇ ਚਾਹੀਦੇ ਹਨ ਤਾਂ ਜੋ ਉਹ ਧੋਖਾਦੇਹੀ ਦਾ ਸ਼ਿਕਾਰ ਨਾ ਹੋ ਸਕਣ ਤੇ ਵਿਦੇਸ਼ ਜਾਣ ਦੇ ਉਨ੍ਹਾਂ ਦੇ ਸੁਪਨੇ ਪੂਰੇ ਹੋ ਸਕਣ।