The lawyer stopped his marriage : ਚੰਡੀਗੜ੍ਹ : ਕੰਮ ਪ੍ਰਤੀ ਵਚਨਬੱਧਤਾ ਅਤੇ ਡਿਊਟੀ ਨਿਭਾਉਣ ਦੀ ਮਿਸਾਲ ਪੰਜਾਬ ਦੇ ਇੱਕ ਵਕੀਲ ਨੇ ਪੇਸ਼ ਕੀਤੀ ਹੈ, ਜਿਥੇ ਵਕੀਲ ਨੇ ਆਪਣੇ ਮੁਵੱਕਿਲ ਲਈ ਆਪਣੇ ਵਿਆਹ ਦੀਆਂ ਰਸਮਾਂ ਰੋਕ ਕੇ ਵੀਡੀਓ ਕਾਨਫਰੰਸਿੰਗ ਰਾਹੀਂ ਉਸ ਨੂੰ ਨਿਆਂ ਦਿਵਾਉਣ ਲਈ ਕੇਸ ਲੜਿਆ। ਦੱਸਣਯੋਗ ਹੈ ਕਿ ਬੀਤੀ ਰਾਤ ਨੂੰ ਵਕੀਲ ਦਾ ਵਿਆਹ ਸੀ ਅਤੇ ਅੱਜ ਉਸ ਨੇ ਦੁਲਹਨ ਨੂੰ ਘਰ ਲੈ ਜਾਣਾ ਸੀ, ਪਰ ਉਸ ਦੇ ਮੁਵੱਕਲ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਕੀਤਾ ਗਿਆ। ਸਹਿਰੇ ਵਿੱਚ ਸਜੇ ਇੱਕ ਵਕੀਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਆਪਣੇ ਮੁਵੱਕਲ ਲਈ ਕੇਸ ਲੜਿਆ ਅਤੇ ਉਸ ਨੂੰ ਪੇਸ਼ਗੀ ਜ਼ਮਾਨਤ ਦਿਵਾਈ।
ਮਾਮਲਾ ਬਠਿੰਡਾ ਦੇ ਵਸਨੀਕ ਅੰਗਰੇਜ਼ ਨਾਲ ਸਬੰਧਤ ਹੈ। ਅੰਗਰੇਜ਼ ਸਿੰਘ ਖਿਲਾਫ ਮਈ 2019 ਵਿਚ ਬਠਿੰਡਾ ਦੇ ਫੂਲ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ। ਪਟੀਸ਼ਨਕਰਤਾ ਨੇ ਦਲੀਲ ਦਿੱਤੀ ਕਿ ਐਫਆਈਆਰ ਦਰਜ ਕਰਨ ਦੇ 1 ਸਾਲ ਅਤੇ 5 ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਇਸ ਕੇਸ ਵਿੱਚ ਕੋਈ ਚਲਾਨ ਦਾਇਰ ਨਹੀਂ ਕੀਤਾ ਗਿਆ। ਜੇ ਪਟੀਸ਼ਨਕਰਤਾ ਨੂੰ ਹਿਰਾਸਤ ਵਿੱਚ ਲੈਣ ਦੀ ਜ਼ਰੂਰਤ ਹੈ ਤਾਂ ਉਹ ਮੂਲ ਜ਼ਮਾਨਤ ਦਾ ਹੱਕਦਾਰ ਹੈ। ਹਾਈ ਕੋਰਟ ਵਿੱਚ ਫਿਲਹਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਹੋ ਰਹੀ ਹੈ। ਜਦੋਂ ਇਹ ਮਾਮਲਾ ਸੁਣਵਾਈ ਲਈ ਆਇਆ ਤਾਂ ਪੰਜਾਬ ਸਰਕਾਰ ਦੇ ਵਕੀਲ ਨੇ ਕੇਸ ਮੁਲਤਵੀ ਕਰਨ ਦੀ ਬੇਨਤੀ ਕੀਤੀ ਪਰ ਪਟੀਸ਼ਨਕਰਤਾ ਦੇ ਵਕੀਲ ਲੁਪਿਲ ਗੁਪਤਾ ਨੇ ਇਸ ਦਾ ਵਿਰੋਧ ਕੀਤਾ। ਉਸ ਨੇ ਕਿਹਾ ਕਿ ਉਹ ਆਪਣੀ ਨਿੱਜੀ ਮੁਸ਼ਕਲ ਦੇ ਬਾਵਜੂਦ ਸਵੇਰ ਤੋਂ ਹੀ ਇਸ ਮਾਮਲੇ ਦੀ ਸੁਣਵਾਈ ਦੀ ਉਡੀਕ ਕਰ ਰਿਹਾ ਹੈ। ਦਰਅਸਲ, ਉਨ੍ਹਾਂ ਦਾ ਕੱਲ ਰਾਤ ਵਿਆਹ ਹੋਇਆ ਸੀ ਅਤੇ ਡੋਲੀ ਦੀ ਰਸਮ ਸਵੇਰ ਤੋਂ ਰੁਕੀ ਹੋਈ ਸੀ, ਜੋਕਿ ਕੇਸ ਖਤਮ ਹੋਣ ਤੋਂ ਬਾਅਦ ਹੋਣੀ ਸੀ।
ਹਾਈ ਕੋਰਟ ਦੇ ਜਸਟਿਸ ਅਰੁਣ ਮੋਂਗਾ ਨੇ ਕੇਸ ਦੀ ਤਰੀਕ ਟਾਲਣ ਕਰਨ ਦੀ ਬਜਾਏ ਆਪਣੇ ਵਕੀਲ ਦੀ ਫਰਜ਼ ਨਿਭਾਉਣ ਦੀ ਵਚਨਬੱਧਤਾ ਦੇ ਮੱਦੇਨਜ਼ਰ ਉਸ ਦੇ ਮੁਵੱਕਲ ਨੂੰ ਪੇਸ਼ਗੀ ਜ਼ਮਾਨਤ ਦਾ ਲਾਭ ਦੇਣ ਦਾ ਆਦੇਸ਼ ਦਿੱਤਾ। ਅਦਾਲਤ ਨੇ ਕਿਹਾ ਕਿ ਉਹ ਵਕੀਲ ਲਈ ਖੁਸ਼ਹਾਲ ਵਿਆਹੁਤਾ ਜ਼ਿੰਦਗੀ ਦੀ ਕਾਮਨਾ ਕਰਦੀ ਹੈ। ਇਸ ਤੋਂ ਇਲਾਵਾ ਬੈਂਚ ਨੇ ਕਿਹਾ ਕਿ ਸਰਕਾਰੀ ਵਕੀਲ ਦੁਆਰਾ ਚਲਾਨ ਪੇਸ਼ ਕਰਨ ਵਿੱਚ ਦੇਰੀ ਦੇ ਮੱਦੇਨਜ਼ਰ, ਇਸ ਸਮੇਂ ਪਟੀਸ਼ਨਰ ਨੂੰ ਪੇਸ਼ਗੀ ਜ਼ਮਾਨਤ ਦੇਣ ਲਈ ਇਕ ਢੁਕਵਾਂ ਕੇਸ ਜਾਪਦਾ ਹੈ। ਅਦਾਲਤ ਨੇ ਪਟੀਸ਼ਨਕਰਤਾ ਨੂੰ ਜਾਂਚ ਅਧਿਕਾਰੀ ਸਾਹਮਣੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਅਤੇ ਅਗਲੀ ਸੁਣਵਾਈ ਤੱਕ ਉਸਨੂੰ ਅਗਾਊਂ ਜ਼ਮਾਨਤ ਦਾ ਲਾਭ ਮਿਲਦਾ ਰਹੇਗਾ।