ASI of Punjab Police : ਤਰਨਤਾਰਨ ਜ਼ਿਲ੍ਹੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਬੀਤੀ ਰਾਤ ਪੰਜਾਬ ਪੁਲਿਸ ਦੇ ਇੱਕ ਏਐਸਆਈ ਦਾ ਲੁਟੇਰਿਆਂ ਵੱਲੋਂ ਪੁਲਿਸ ਲਾਈਨ ਬੀਜੀਈ ਨੇੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਏਐਸਆਈ ਗੁਰਦੀਪ ਸਿੰਘ ਬੰਬ ਡਿਸਪੋਜ਼ਲ ਟੀਮ ਦਾ ਇੰਚਾਰਜ ਸੀ ਅਤੇ ਪੁਲਿਸ ਲਾਈਨ ਵਿਚ ਰਹਿੰਦਾ ਸੀ। ਘਟਨਾ ਸ਼ਨੀਵਾਰ ਰਾਤ 11.30 ਵਜੇ ਦੇ ਕਰੀਬ ਦੀ ਹੈ, ਜਦੋਂ ਉਹ ਆਪਣੇ ਲੜਕੇ ਮਨਪ੍ਰੀਤ ਸਿੰਘ ਨਾਲ ਨੇੜਲੇ ਪਿੰਡ ਕੱਕਾ ਕੰਡਿਆਲਾ ਦੇ ਡਾਕਟਰ ਕੋਲ ਐਕਟਿਵਾ ’ਤੇ ਦਵਾਈ ਲੈਣ ਗਿਆ ਸੀ। ਵਾਪਸ ਪਰਤਦੇ ਸਮੇਂ ਦੋ ਲੁਟੇਰਿਆਂ ਵੱਲੋਂ ਅੰਮ੍ਰਿਤਸਰ ਰੋਡ ‘ਤੇ ਪੁਲਿਸ ਲਾਈਨ ਨੇੜੇ ਦੋਵਾਂ ਨੂੰ ਰੋਕ ਲਿਆ ਗਿਆ। ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਦੋਹਾਂ ਤੋਂ ਨਕਦੀ ਦੀ ਮੰਗ ਕੀਤੀ। ਗੁਰਦੀਪ ਸਿੰਘ ਦੇ ਲੜਕੇ ਮਨਪ੍ਰੀਤ ਸਿੰਘ ਨੇ ਉਸਨੂੰ ਨਕਦੀ ਵਾਲਾ ਪਰਸ ਅਤੇ ਮੋਬਾਈਲ ਲੁਟੇਰਿਆਂ ਨੂੰ ਦੇ ਦਿੱਤਾ ਪਰ ਪਰ ਗੁਰਦੀਪ ਸਿੰਘ ਨੇ ਅਜਿਹਾ ਕਰਨ ਤੋਂ ਲੁਟੇਰਿਆਂ ਖਿਲਾਫ ਵਿਰੋਧ ਜਤਾਇਆ। ਇਸ ਦੌਰਾਨ ਇੱਕ ਲੁਟੇਰੇ ਨੇ ਫਾਇਰਿੰਗ ਕੀਤੀ ਤੇ ਗੋਲੀ ਗੁਰਦੀਪ ਸਿੰਘ ਦੀ ਛਾਤੀ ਵਿੱਚ ਲੱਗੀ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਸੇ ਸਮੇਂ ਮਨਪ੍ਰੀਤ ਸਿੰਘ ਬਚ ਨਿਕਲਿਆ ਅਤੇ ਆਪਣੀ ਜਾਨ ਬਚਾਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਵਿੱਚ ਐਸਐਸਪੀ ਧਰੁਮਨ ਐਚ ਨਿੰਬਲੇ, ਐਸਪੀ ਜਗਜੀਤ ਸਿੰਘ ਵਾਲੀਆ, ਬਲਜੀਤ ਸਿੰਘ ਢਿੱਲੋਂ, ਡੀਐਸਪੀ ਸੁੱਚਾ ਸਿੰਘ ਬੱਲ, ਐਸਐਚਓ ਜਸਵੰਤ ਸਿੰਘ ਸ਼ਾਮਲ ਸਨ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਘਟਨਾ ਤੋਂ ਬਾਅਦ ਪੁਲਿਸ ਵੱਲੋਂ ਤੁਰੰਤ ਹੀ ਇਲਾਕੇ ਵਿਚ ਨਾਕਾਬੰਦੀ ਕਰਵਾ ਦਿੱਤੀ ਗਈ ਪਰ ਦੋਸ਼ੀਆਂ ਦਾ ਕੋਈ ਸੁਰਾਗ ਪਤਾ ਨਹੀਂ ਲੱਗਾ।
ਇਥੇ ਦੱਸਣਯੋਗ ਹੈ ਕਿ ਜ਼ਿਲ੍ਹੇ ਵਿੱਚ ਲੁਟੇਰਿਆਂ ਨੂੰ ਹੁਣ ਕਾਨੂੰਨ ਦਾ ਵੀ ਕੋਈ ਡਰ ਨਹੀਂ ਰਿਹਾ ਅਤੇ ਉਹ ਬੇਖੌਫ ਹੋ ਕੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਿੰਨ ਦਿਨ ਪਹਿਲਾਂ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਸੁਰੱਖਿਆ ਪ੍ਰਬੰਧ ਨੂੰ ਮਜ਼ਬੂਤ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਬੁਲਾਇਆ ਸੀ। ਸ਼ਹਿਰ ਦੇ ਚਾਰੇ ਪਾਸੇ ਪੁਲਿਸ ਨਾਕਾਬੰਦੀ ਦੇ ਬਾਵਜੂਦ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।