Poster of Wing Commander Abhinandar and PM Modi: ਲਾਹੌਰ: ਪਾਕਿਸਤਾਨ ਵਿੱਚ ਫਿਰ ਇੱਕ ਵਾਰ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ । ਉਨ੍ਹਾਂ ਦੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਈ ਪੋਸਟਰ ਲਾਹੌਰ ਦੀਆਂ ਸੜਕਾਂ ‘ਤੇ ਲੱਗੇ ਦਿਖੇ ਹਨ । ਇਨ੍ਹਾਂ ਪੋਸਟਰਾਂ ਰਾਹੀਂ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਦੇ ਨੇਤਾ ਅਯਾਜ਼ ਸਾਦਿਕ ‘ਤੇ ਨਿਸ਼ਾਨਾ ਸਾਧਿਆ ਗਿਆ ਹੈ । ਕਈ ਪੋਸਟਰਾਂ ਵਿੱਚ ਅਯਾਜ਼ ਸਾਦਿਕ ਨੂੰ ਕੌਮ ਦਾ ਗੱਦਾਰ ਦੱਸਦੇ ਹੋਏ ਮੀਰ ਜ਼ਾਫਰ ਨਾਲ ਤੁਲਨਾ ਕੀਤੀ ਗਈ ਹੈ । ਅਯਾਜ਼ ਸਾਦਿਕ ਨੇ ਹੀ ਪਾਕਿਸਤਾਨੀ ਸੰਸਦ ਵਿੱਚ ਅਭਿਨੰਦਨ ਦੀ ਰਿਹਾਈ ਨੂੰ ਲੈ ਕੇ ਇਮਰਾਨ ਖਾਨ ਸਰਕਾਰ ਦੀ ਪੋਲ ਖੋਲ੍ਹੀ ਸੀ।
ਅਯਾਜ਼ ਸਾਦਿਕ ਦੇ ਚੋਣ ਹਲਕੇ ਲਾਹੌਰ ਦੀਆਂ ਸੜਕਾਂ ਦੇ ਕੰਢੇ ਲੱਗੇ ਇਨ੍ਹਾਂ ਪੋਸਟਰਾਂ ਵਿੱਚ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਅਤੇ ਪੀਐੱਮ ਮੋਦੀ ਦੀਆਂ ਤਸਵੀਰਾਂ ਜਾਣ ਬੁੱਝ ਕੇ ਲਗਾਈਆਂ ਗਈਆਂ ਹਨ । ਇਸ ਵਿੱਚ ਉਰਦੂ ਵਿੱਚ ਪੀਐੱਮਐੱਲ-ਐੱਨ ਪਾਰਟੀ ਦੇ ਨੇਤਾ ਅਯਾਜ਼ ਸਾਦਿਕ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਗਿਆ ਹੈ । ਕੁਝ ਪੋਸਟਰਾਂ ਵਿੱਚ ਸਾਦਿਕ ਨੂੰ ਵਰਧਮਾਨ ਦੇ ਰੂਪ ਵਿੱਚ ਦਿਖਾਇਆ ਗਿਆ ਹੈ । ਕਈ ਪੋਸਟਰਾਂ ਵਿੱਚ ਉਨ੍ਹਾਂ ਨੂੰ ਭਾਰਤ ਦਾ ਸਮਰਥਕ ਵੀ ਕਰਾਰ ਦਿੱਤਾ ਗਿਆ ਹੈ।
ਦਰਅਸਲ, ਪਾਕਿਸਤਾਨ ਦੇ ਗ੍ਰਹਿ ਮੰਤਰੀ ਏਜਾਜ਼ ਅਹਿਮਦ ਸ਼ਾਹ ਨੇ ਇੱਕ ਜਨ ਸਭਾ ਦੌਰਾਨ ਕਿਹਾ ਕਿ ਅਯਾਜ਼ ਸਾਦਿਕ ਨੂੰ ਪਾਕਿਸਤਾਨ ਤੋਂ ਚਲੇ ਜਾਣਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਆਪਣੀ ਫੌਜ ਖਿਲਾਫ ਜੋ ਗੱਲਾਂ ਉਨ੍ਹਾਂ ਕਹੀਆਂ ਹਨ ਉਸ ਨੂੰ ਉਹ ਅੰਮ੍ਰਿਤਸਰ ਜਾ ਕੇ ਆਖਣ । ਪੂਰੇ ਪਾਕਿਸਤਾਨ ਵਿੱਚ ਅਯਾਜ਼ ਸਾਦਿਕ ਖਿਲਾਫ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । ਇਮਰਾਨ ਸਰਕਾਰ ਦੇ ਮੰਤਰੀ ਤਾਂ ਉਨ੍ਹਾਂ ਖਿਲਾਫ ਮੋਰਚਾ ਖੋਲ੍ਹ ਕੇ ਬੈਠੇ ਹੋਏ ਹਨ।
ਦੱਸ ਦੇਈਏ ਕਿ ਅਯਾਜ਼ ਨੇ ਸੰਸਦ ਵਿੱਚ ਆਪਣੇ ਭਾਸ਼ਣ ਦੌਰਾਨ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਭਾਰਤੀ ਵਿੰਗ ਦੇ ਕਮਾਂਡਰ ਅਭਿਨੰਦਨ ਦੀ ਕੀ ਗੱਲ ਕਰਦੇ ਹੋ, ਸ਼ਾਹ ਮਹਿਮੂਦ ਕੁਰੈਸ਼ੀ ਅਤੇ ਸੈਨਾ ਮੁਖੀ ਵੀ ਉਸ ਬੈਠਕ ਵਿੱਚ ਸਨ। ਕੁਰੈਸ਼ੀ ਨੇ ਕਿਹਾ ਸੀ ਕਿ ਅਭਿਨੰਦਨ ਨੂੰ ਵਾਪਸ ਜਾਣ ਦਿਓ, ਖੁਦਾ ਕਾ ਵਾਸਤਾ ਹੈ ਅਭਿਨੰਦਨ ਨੂੰ ਜਾਣ ਦਿਓ। ਭਾਰਤ ਰਾਤ 9 ਵਜੇ ਹਮਲਾ ਕਰਨ ਜਾ ਰਿਹਾ ਹੈ । ਇਮਰਾਨ ਖਾਨ ਨੇ ਉਸ ਮੀਟਿੰਗ ਵਿੱਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।