Threats by Sikhs for Justice: ਦਿੱਲੀ ਦੇ ਵਿੱਚ 1984 ‘ਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਸਿੱਖ ਵਿਰੋਧੀ ਦੰਗਿਆਂ ਨੂੰ ਅੰਜਾਮ ਦਿੱਤਾ ਗਿਆ, ਜੋ ਕਿ ਇੱਕ ਵਿਨਾਸ਼ਕਾਰੀ ਦੰਗੇ ਸਨ।ਇੰਨ੍ਹਾਂ ਦੰਗਿਆਂ ‘ਚ ਕਈ ਹਜ਼ਾਰ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। 36 ਸਾਲਾਂ ਦਾ ਸਮਾਂ ਬੀਤਣ ਤੋਂ ਬਾਅਦ ਵੀ 1984 ਦੇ ਦੰਗਿਆਂ ਦੇ ਜ਼ਖਮ ਅੱਜ ਵੀ ਅੱਲੇ ਹਨ। ਹੁਣ ਇੰਨ੍ਹਾਂ ਦੰਗਿਆਂ ਦੇ ਸਬੰਧ ਵਿੱਚ ਹੀ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ 5 ਨਵੰਬਰ ਨੂੰ ਦਿੱਲੀ ਤੋਂ ਲੰਡਨ ਲਈ ਏਅਰ ਇੰਡੀਆ ਦੀਆਂ ਉਡਾਣਾਂ ਦੇ ਕੰਮਾਂ ਵਿੱਚ ਵਿਘਨ ਪਾਉਣ ਦੀ ਧਮਕੀ ਦਿੱਤੀ ਹੈ। ਇਸ ਧਮਕੀ ਤੋਂ ਬਾਅਦ ਹੁਣ ਦਿੱਲੀ ਹਾਈ ਅਲਰਟ ‘ਤੇ ਹੈ। ਇਸ ਤੋਂ ਇਲਾਵਾ ਐਸਐਫਜੇ ਨੇ 1984 ਦੇ ਪੀੜਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚ ਕੇ ਇੰਨ੍ਹਾਂ ਉਡਾਣਾਂ ਵਿੱਚ ਰੁਕਾਵਟ ਪੈਦਾ ਕਰਨ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਹੁਣ ਏਜੰਸੀਆਂ ਨੇ ਸਬੰਧਿਤ ਅਧਿਕਾਰੀਆਂ ਅਤੇ ਦਿੱਲੀ ਪੁਲਿਸ ਨੂੰ ਸੁਚੇਤ ਕਰ ਦਿੱਤਾ ਹੈ।
ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ ਇੱਕ ਵੀਡੀਓ ਜਾਰੀ ਕਰ ਅਪੀਲ ਕਰਦਿਆਂ ਕਿਹਾ ਕਿ, “ਏਅਰ ਇੰਡੀਆ ਦੇ ਯਾਤਰੀਆਂ ਨੂੰ 5 ਨਵੰਬਰ ਨੂੰ ਫਲਾਈਟ ਨੰਬਰ ਏਆਈ -111 ਅਤੇ ਏਆਈ -3131 ਦਾ ਬਾਈਕਾਟ ਕਰਕੇ ਹਿੰਸਾ ਦੇ ਪੀੜਤਾਂ ਦਾ ਸਮਰਥਨ ਕਰਨਾ ਚਾਹੀਦਾ ਹੈ। ਆਪਣੇ ਸੰਦੇਸ਼ ਵਿੱਚ ਪੰਨੂ ਨੇ ਕਾਂਗਰਸ ‘ਤੇ 1984 ਦੀ ਸਿੱਖ ਨਸਲਕੁਸ਼ੀ ਨੂੰ ਦਬਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਹ ਸਾਡੀ ਮਨੁੱਖੀ ਫਰਜ਼ ਹੈ ਕਿ ਭਾਰਤ ਸਰਕਾਰ ਦੁਆਰਾ ਕੀਤੇ ਸਿੱਖਾਂ ਦੇ ਕਤਲੇਆਮ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਕਿਉਂਕਿ ਇੰਦਰਾ ਗਾਂਧੀ ਤੋਂ ਲੈ ਕੇ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੱਕ ਸਭ ਨੇ ਸਿੱਖ ਨਸਲਕੁਸ਼ੀ ‘ਤੇ ਨਿਰੰਤਰ ਪਰਦਾ ਪਾਇਆ ਹੈ।” ਸੂਚਨਾ ਮਿਲਣ ਦੇ ਤੁਰੰਤ ਬਾਅਦ, ਇੰਟੈਲੀਜੈਂਸ ਵਿੰਗ ਨੇ ਦਿੱਲੀ ਪੁਲਿਸ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਅਤੇ ਆਈਜੀਆਈ ਅਥਾਰਟੀ ਦੇ ਨਾਲ ਨਾਲ ਹੋਰ ਸਬੰਧਿਤ ਅਧਿਕਾਰੀਆਂ ਨੂੰ ਐਸਐਫਜੇ ਦੀ ਯੋਜਨਾ ਨੂੰ ਨਾਕਾਮ ਕਰਨ ਲਈ ਅਲਰਟ ਕਰ ਦਿੱਤਾ ਹੈ। ਆਈਜੀਆਈ ਏਅਰਪੋਰਟ ਦੀ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਵਾਰ ਦਿੱਲੀ ਪੁਲਿਸ ਦੇ ਨਾਲ ਨਾਲ ਸੀਆਈਐਸਐਫ ਨੂੰ ਵੀ ਸ਼ੱਕੀਆਂ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਲਈ ਕਿਹਾ ਹੈ।