WHO chief under self quarantine: WHO ਦੇ ਜਨਰਲ ਡਾਇਰੈਕਟਰ ਟੇਡਰਸ ਐਡਨੋਮ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਕੁਆਰੰਟੀਨ ਹੋ ਗਏ ਹਨ। ਉਨ੍ਹਾਂ ਨੇ ਇਸ ਸਬੰਧੀ ਐਤਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਪਛਾਣ ਕੋਰੋਨਾ ਪਾਜ਼ੀਟਿਵ ਪਾਏ ਗਏ ਇੱਕ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲਿਆਂ ਵਿੱਚ ਕੀਤੀ ਗਈ ਹੈ। ਹਾਲਾਂਕਿ, ਉਨ੍ਹਾਂ ਨੇ ਹੁਣ ਤੱਕ ਸਰੀਰ ਵਿੱਚ ਕੋਈ ਲੱਛਣ ਮਹਿਸੂਸ ਨਹੀਂ ਕੀਤੇ ਹਨ। ਇਸ ਬਾਰੇ ਟਵੀਟ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੀ ਪਹਿਚਾਣ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਦੇ ਤੌਰ ‘ਤੇ ਕੀਤੀ ਗਈ ਹੈ, ਜੋ ਕੋਵਿਡ-19 ਨਾਲ ਪੀੜਤ ਸੀ।
ਇਸ ਤੋਂ ਅੱਗੇ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਂ ਬਿਲਕੁਲ ਠੀਕ ਹਾਂ ਅਤੇ ਮੈਨੂੰ ਕੋਈ ਲੱਛਣ ਨਹੀਂ ਹਨ, ਪਰ ਫਿਰ ਵੀ ਮੈਂ WHO ਪ੍ਰੋਟੋਕੋਲ ਦੇ ਤਹਿਤ ਆਉਣ ਵਾਲੇ ਦਿਨਾਂ ਲਈ ਆਪਣੇ ਆਪ ਨੂੰ ਕੁਆਰੰਟੀਨ ਕਰ ਰਿਹਾ ਹਾਂ ਅਤੇ ਮੈਂ ਘਰੋਂ ਕੰਮ ਕਰਾਂਗਾ।” ਟੇਡਰੋਸ ਨੇ ਟਵਿੱਟਰ ‘ਤੇ ਜ਼ੋਰ ਦਿੰਦਿਆਂ ਕਿਹਾ ਕਿ’ ਇਹ ਬਹੁਤ ਮਹੱਤਵਪੂਰਨ ਹੈ ਕਿ ਅਸੀਂ ਸਾਰੇ ਸਿਹਤ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੀਏ।’ ਉਨ੍ਹਾਂ ਲਿਖਿਆ ਕਿ ‘ਇਸੇ ਤਰ੍ਹਾਂ ਅਸੀਂ ਕੋਵਿਡ-19 ਦੇ ਸੰਕ੍ਰਮਣ ਦੀ ਲੜੀ ਨੂੰ ਤੋੜਣ ਦੇ ਯੋਗ ਹੋਵਾਂਗੇ ਤੇ ਵਾਇਰਸ ਨੂੰ ਖਤਮ ਕਰਨ ਅਤੇ ਸਿਹਤ ਪ੍ਰਣਾਲੀ ਨੂੰ ਬਚਾਉਣ ਦੇ ਯੋਗ ਹੋਵਾਂਗੇ।
ਸੰਯੁਕਤ ਰਾਸ਼ਟਰ ਦੀ ਇਸ ਏਜੰਸੀ ਦੇ ਮੁੱਖੀ ਟੇਡਰੋਸ ਇਸ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਵਿੱਚ ਸਭ ਤੋਂ ਅੱਗੇ ਹਨ। 55 ਸਾਲਾ ਟੇਡਰੋਸ ਐਡਨੋਮ ਕਈ ਮਹੀਨਿਆਂ ਤੋਂ ਇਸ ਗੱਲ ‘ਤੇ ਜ਼ੋਰ ਦੇ ਰਹੇ ਹਨ ਕਿ ਇਸ ਵਾਇਰਸ ਨੂੰ ਹਰਾਉਣ ਵਿੱਚ ਹਰ ਵਿਅਕਤੀ ਦੀ ਭੂਮਿਕਾ ਮਹੱਤਵਪੂਰਣ ਹੈ। WHO ਸਾਰਿਆਂ ਨੂੰ ਆਪਣੇ ਹੱਥ ਧੋਣ, ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੰਦਾ ਹੈ। ਉੱਥੇ ਹੀ ਦੂਜੇ ਪਾਸੇ ਸਿਹਤ ਏਜੰਸੀ ਨੇ ਅਧਿਕਾਰੀਆਂ ਨੂੰ ਵਾਇਰਸ ਦੀ ਲਾਗ ਦਾ ਪਤਾ ਲਗਾਉਣ ਲਈ ਟਰੇਸਿੰਗ ਅਤੇ ਟੈਸਟ ਕਰਨ ਤੋਂ ਇਲਾਵਾ ਆਈਸੋਲੇਸ਼ਨ ਤੱਕ ਦੀ ਸਾਰੀ ਪ੍ਰਕਿਰਿਆ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਦਸੰਬਰ ਵਿੱਚ ਚੀਨ ਤੋਂ ਹੌਲੀ-ਹੌਲੀ ਫੈਲੇ ਕੋਵਿਡ -19 ਨੇ ਹੁਣ ਤੱਕ ਪੂਰੀ ਦੁਨੀਆ ਵਿੱਚ 4 ਕਰੋੜ ਤੋਂ ਵੱਧ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 10 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।