ਲੁਧਿਆਣਾ : ਉਨ੍ਹਾਂ ਮਾਪਿਆਂ ‘ਤੇ ਕੀ ਬੀਤਦੀ ਹੈ ਜਿਨ੍ਹਾਂ ਨੇ ਜਿਊਂਦੇ ਜੀਅ ਆਪਣੇ ਜਵਾਨ ਪੁੱਤ ਨੂੰ ਅਗਨੀ ਦਿੱਤੀ ਹੋਵੇ। ਲੁਧਿਆਣਾ ਵਾਸੀ 26 ਸਾਲਾ ਦਇਆ ਸਿੰਘ ਦੇ ਨੌਜਵਾਨ ਦੀ ਮੌਤ ਹੋ ਗਈ ਪਰ ਅਜੇ ਤੱਕ ਉਸ ਦੀ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ। ਦਇਆ ਸਿੰਘ ਅਜੇ ਸਿਰਫ 8 ਮਹੀਨੇ ਪਹਿਲਾਂ ਹੀ ਲੁਧਿਆਣੇ ਦੇ ਪੀ. ਜੀ. ‘ਚ 12ਵੀਂ ਦੀ ਪੜ੍ਹਾਈ ਕਰ ਰਿਹਾ ਸੀ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ 8 ਅਕਤੂਬਰ 2019 ਨੂੰ ਉਸ ਦੀ ਮੌਤ ਹੋ ਗਈ। ਮੌਤ ਦੀਆਂ ਤਸਵੀਰਾਂ ਬਹੁਤ ਸਾਰੇ ਸਵਾਲ ਪੈਦਾ ਕਰ ਰਹੀਆਂ ਹਨ। ਦਇਆ ਸਿੰਘ ਦੀ ਲਾਸ਼ ਇੱਕ ਐਕਟਿਵਾ ‘ਤੇ ਪਈ ਹੋਈ ਮਿਲੀ। ਦਇਆ ਸਿੰਘ ਦੀ ਮਾਂ ਦਾ ਕਹਿਣਾ ਹੈ ਕਿ 8 ਅਕਤੂਬਰ ਦੀ ਸਵੇਰ ਉਹ ਬਹੁਤ ਹੱਸ-ਖੇਡ ਕੇ ਸਾਰਿਆਂ ਨਾਲ ਗੱਲਾਂ ਕਰ ਰਿਹਾ ਸੀ ਤੇ ਉਸੇ ਰਾਤ ਹੀ ਉਸ ਦੀ ਮੌਤ ਹੋ ਜਾਂਦੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਦਇਆ ਸਿੰਘ ਦੀ ਕੁਦਰਤੀ ਮੌਤ ਹੋਈ ਹੈ। ਜਗਤਾਰ ਸਿੰਘ ਏ. ਐੱਸ. ਆਈ. ਦਾ ਕਹਿਣਾ ਸੀ ਕਿ ਸੀ. ਸੀ. ਟੀ. ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਮਾਂ ਨੇ ਦੱਸਿਆ ਕਿ ਦਇਆ ਸਿੰਘ ਬਚਿੱਤਰ ਨਗਰ ਲੁਧਿਆਣਾ ਵਿਖੇ ਪੀ. ਜੀ. ‘ਚ ਰਹਿ ਕੇ ਆਪਣੀ ਪੜ੍ਹਾਈ 12ਵੀਂ ਦੀ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ ਤੇ ਉਥੇ ਉਹ ਹੋਰ 6 ਵਿਦਿਆਰਥੀਆਂ ਨਾਲ ਰਹਿ ਰਿਹਾ ਸੀ ਪਰ ਦਇਆ ਸਿੰਘ ਦੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਪੀ. ਜੀ. ਦੀ ਦੂਜੀ ਸਾਈਡ ‘ਤੇ ਮਿਲੀ, ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੀ ਮੌਤ ਕੁਦਰਤੀ ਨਹੀਂ। ਕੈਮਰੇ ‘ਚ ਦੇਖ ਕੇ ਪਤਾ ਲੱਗ ਸਕੇਗਾ ਕਿ ਪੁਲ ਪਾਰ ਕਰਦੇ ਸਮੇਂ ਉਹ ਇੱਕਲਾ ਸੀ ਜਾਂ ਉਸ ਦੇ ਦੋਸਤ ਵੀ ਉਸ ਦੇ ਨਾਲ ਸਨ। ਮਾਂ ਦਾ ਇਹ ਵੀ ਕਹਿਣਾ ਹੈ ਕਿ ਜੋ ਵਿਦਿਆਰਥੀ ਦਇਆ ਸਿੰਘ ਨਾਲ ਰਹਿ ਰਹੇ ਸਨ ਉਹ ਉਨ੍ਹਾਂ ਦੇ ਘਰ ਲਗਭਗ 7 ਸਾਲਾਂ ਤੋਂ ਆ-ਜਾ ਰਹੇ ਸਨ। ਬਹੁਤ ਚੰਗੀ ਤਰ੍ਹਾਂ ਉਨ੍ਹਾਂ ਨੂੰ ਜਾਣਦੇ ਹਾਂ। ਦੋਸਤਾਂ ਦਾ ਕਹਿਣਾ ਸੀ ਕਿ ਅਸੀਂ 5 ਅਕਤੂਬਰ ਦੇ ਆਪਣੇ-ਆਪਣੇ ਘਰਾਂ ਨੂੰ ਗਏ ਹੋਏ ਸਾਂ ਤੇ ਪੁਲਿਸ ਵੱਲੋਂ ਲਗਭਗ ਡੇਢ ਮਹੀਨੇ ਬਾਅਦ CCTV ਕੈਮਰੇ ਦੀ ਫੁਟੇਜ ਮਿਲਣ ਤੋਂ ਬਾਅਦ ਦੇਖਿਆ ਗਿਆ ਤਾਂ ਉਸ ‘ਚ ਨਮਨ ਗਰਗ ਜੋ ਖੁਦ ਮੇਰੇ ਬੇਟੇ ਨੂੰ ਪਿੱਛੇ ਬਿਠਾ ਕੇ ਦੁਸਹਿਰੇ ਵਾਲੇ ਦਿਨ ਕਿਤੇ ਜਾ ਰਿਹਾ ਹੈ।
ਹੈਰੀ ਸੰਦੌੜ ਤੋਂ, ਹਰਸਿਮਰਨ ਪਿੰਡ ਰਾਮਾ ਤੋਂ, ਕਸ਼ਯੱਪ ਫਿਲੌਰ ਤੋਂ ਤੇ ਰਮਨ ਗਰਗ ਸਾਰੇ ਮਿਲ ਕੇ ਮੇਰੇ ਬੇਟੇ ਨੂੰ ਉਸ ਜਗ੍ਹਾ ‘ਤੇ ਲੈ ਕੇ ਆ ਰਹੇ ਹਨ ਜਿਥੇ ਕਿ ਦਇਆ ਸਿੰਘ ਦੀ ਲਾਸ਼ ਮਿਲੀ ਹੈ। ਇਹ ਸਾਰੇ ਮੁੰਡੇ ਮੇਰੇ ਵੱਡੇ ਬੇਟੇ ਦੇ ਦੋਸਤ ਹਨ। 8 ਅਕਤੂਬਰ ਨੂੰ ਦਇਆ ਸਿੰਘ ਦੀ ਮੌਤ ਨੂੰ ਲਗਭਗ 1 ਸਾਲ ਹੋ ਗਿਆ ਹੈ। ਕੇਸ ਲਈ SIT ਟੀਮ ਬਣਾ ਦਿੱਤੀ ਗਈ ਜਿਸ ‘ਚ ਕੇਸ ਦੀ ਅਗਵਾਈ ਮਨਦੀਪ ਸੰਧੂ ਕਰ ਰਹੇ ਤੇ ਹੁਣ ਕੰਵਲਜੀਤ ਕੋਲ ਕੇਸ ਚਲਾ ਗਿਆ ਹੈ ਜਿਥੇ ਕੇਸ ਚੱਲਦੇ ਨੂੰ 2 ਮਹੀਨੇ ਹੋ ਗਏ ਹਨ ਪਰ ਅਜੇ ਤਕ ਕੋਈ ਹੱਲ ਨਹੀਂ ਨਿਕਲਿਆ।
ਅਮਨਦੀਪ ਪਿੰਡ ਵਾਂਡਰ ਰੋਡ ਨਾਂ ਦੇ ਨੌਜਵਾਨ ‘ਤੇ ਪਰਿਵਾਰ ਵਾਲਿਆਂ ਨੂੰ ਦਇਆ ਸਿੰਘ ਦੀ ਮੌਤ ਕਰਨ ਦੀ ਸ਼ੰਕਾ ਹੈ। ਉਸ ਦਾ ਕਹਿਣਾ ਹੈ ਕਿ ਮੈਂ 4 ਦਿਨ ਪਹਿਲਾਂ ਪੀ. ਜੀ. ਛੱਡ ਗਿਆ ਸੀ। ਦੋਸਤਾਂ ਦੀ ਬਣੀ ਬਣਾਈ ਯੋਜਨਾ ਸੀ ਦਇਆ ਸਿੰਘ ਨੂੰ ਮਾਰਨ ਦੀ ਤੇ ਉਨ੍ਹਾਂ ਦਾ ਪੂਰੀ ਤਰ੍ਹਾਂ ਤੋਂ ਪਲਾਨ ਸੀ ਕਿ ਦੁਸਹਿਰੇ ਵਾਲੇ ਦਿਨ ਦਇਆ ਸਿੰਘ ਘਰ ਨਹੀਂ ਪਰਤਣਾ ਚਾਹੀਦਾ। ਦਇਆ ਸਿੰਘ ਦੀ ਭੈਣ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਰਾ ਦੀ ਮੌਤ ਦੀ ਖਬਰ ਤੱਕ ਨਹੀਂ ਦਿੱਤੀ ਗਈ। ਲਗਭਗ ਸਵੇਰੇ 6 ਵਜੇ ਜਦੋਂ ਲੋਕ ਸੈਰ ਨੂੰ ਜਾ ਰਹੇ ਸਨ ਤਾਂ ਉਨ੍ਹਾਂ ਨੇ ਐਕਟਿਵਾ ‘ਤੇ ਦਇਆ ਸਿੰਘ ਦੀ ਲਾਸ਼ ਦੇਖੀ ਤੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਵੱਲੋਂ ਲਾਸ਼ ਨੂੰ ਲਗਭਗ 9 ਵਜੇ ਮੋਰਚਰੀ ‘ਚ ਰਖਵਾ ਦਿੱਤਾ ਗਿਆ। ਸਾਰੀ ਕਾਗਜ਼ੀ ਕਾਰਵਾਈ ਤੋਂ ਬਾਅਦ ਅਮਨਦੀਪ ਦਾ ਫੋਨ ਆਇਆ ਕਿ ਦਇਆ ਸਿੰਘ ਦਾ ਐਕਸੀਡੈਂਟ ਹੋ ਗਿਆ। ਫੋਟੋਆਂ ਤੋਂ ਸਾਫ ਪਤਾ ਲੱਗ ਰਿਹਾ ਹੈ ਕਿ ਕਿਸੇ ਨੇ ਬੇਲੈਂਸ ਬਣਾ ਕੇ ਦਇਆ ਸਿੰਘ ਨੂੰ ਐਕਟਿਵਾ ‘ਤੇ ਬਿਠਾਇਆ ਹੋਇਆ ਹੈ ਤੇ ਐਕਟਿਵਾ ਦਾ ਸਟੈਂਡ ਵੀ ਲੱਗਾ ਹੋਇਆ ਹੈ। ਉਸ ਦੀ ਮੌਤ ਕੁਦਰਤੀ ਹੋਈ ਤਾਂ ਐਕਟਿਵਾ ਦਾ ਸਟੈਂਡ ਕਿਵੇਂ ਲੱਗ ਗਿਆ? ਮੇਰੇ ਭਰਾ ਦਾ ਪੈਰ ਘੜੀਸਿਆ ਗਿਆ ਹੈ ਤੇ ਉਸ ‘ਚੋਂ ਖੂਨ ਨਿਕਲ ਰਿਹਾ ਹੈ ਪਰ ਚੱਪਲ ‘ਤੇ ਖੂਨ ਦਾ ਇੱਕ ਵੀ ਨਿਸ਼ਾਨ ਨਹੀਂ ਹੈ। ਪੁਲਿਸ ਇਸ ਗੱਲ ਨੂੰ ਤਾਂ ਸਵੀਕਾਰ ਕਰ ਰਹੀ ਹੈ ਕਿ ਦਇਆ ਸਿੰਘ ਨੂੰ ਮਾਰਿਆ ਕਿਤੇ ਹੋਰ ਗਿਆ ਹੈ ਤੇ ਫਿਰ ਉਸ ਨੂੰ ਐਕਟਿਵਾ ‘ਤੇ ਬਿਠਾਇਆ ਗਿਆ ਹੈ ਤੇ ਨਾਲ ਹੀ ਇਹ ਵੀ ਕਹਿ ਰਹੀ ਹੈ ਕਿ ਉਸ ਦੀ ਮੌਤ ਕੁਦਰਤੀ ਹੈ। ਮੈਡੀਕਲ ਰਿਪੋਰਟਾਂ ਬਾਰੇ ਵੀ ਪਰਿਵਾਰਕ ਦੇ ਮੈਂਬਰਾਂ ਨੇ ਦੱਸਿਆ ਇਨ੍ਹਾਂ ‘ਚੋਂ ਇਕ ਰਿਪੋਰਟ ਬਿਆਂ ਕਰਦੀ ਹੈ ਕਿ ਉਸ ਦੀ ਮੌਤ ਬਿਨਾਂ ਕਿਸੇ ਕਾਰਨ ਤੋਂ ਹੋਈ ਹੈ। ਇੱਕ ਰਿਪੋਰਟ ‘ਚ ਮੌਤ ਦਾ ਕਾਰਨ ਜ਼ਹਿਰ ਦੱਸਿਆ ਜਾ ਰਿਹਾ ਹੈ। ਖਰੜ ਵੱਲੋਂ ਦਿੱਤੀ ਰਿਪੋਰਟ ‘ਚ ਦਇਆ ਸਿੰਘ ਨੂੰ ਕੋਈ ਗੰਭੀਰ ਬੀਮਾਰੀ ਨਾਲ ਪੀੜਤ ਦੱਸਿਆ ਗਿਆ ਜਦੋਂ ਕਿ ਦਇਆ ਸਿੰਘ ਦੀ ਭੈਣ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਬੀਮਾਰੀ ਨਹੀਂ ਸੀ।
ਆਖਿਰ ‘ਚ ਦਇਆ ਸਿੰਘ ਦੀ ਭੈਣ ਤੇ ਮਾਂ ਦਾ ਕਹਿਣਾ ਹੈ ਕਿ ਮੀਡੀਆ ਦੀ ਮਦਦ ਨਾਲ ਹੁਣ ਉਨ੍ਹਾਂ ਨੂੰ ਕੇਸ ‘ਚ ਇਨਸਾਫ ਦੀ ਕਿਰਨ ਨਜ਼ਰ ਆਈ ਹੈ ਤੇ ਹੁਣ ਉਨ੍ਹਾਂ ਨੂੰ ਉਮੀਦ ਹੈ ਕਿ ਦਇਆ ਸਿੰਘ ਦੀ ਮੌਤ ਦਾ ਸੱਚ ਜ਼ਰੂਰ ਸਾਹਮਣੇ ਆਏਗਾ। ਦਇਆ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਤਹਿ ਦਿਲੋਂ ਮੀਡੀਆ ਤੇ ਪੁਲਿਸ ਵਾਲਿਆਂ ਦਾ ਧੰਨਵਾਦ ਕੀਤਾ।