Priyanca Radhakrishnan becomes: ਆਕਲੈਂਡ: ਨਿਊਜ਼ੀਲੈਂਡ ਦੀ 53ਵੀਂ ਸੰਸਦੀ ਚੋਣਾਂ ਬੀਤੀ 17 ਅਕਤੂਬਰ ਨੂੰ ਖਤਮ ਹੋ ਗਈਆਂ ਸਨ, ਪਰ ਸਰਕਾਰੀ ਤੌਰ ‘ਤੇ ਅੰਤਿਮ ਨਤੀਜਿਆ ਦਾ ਐਲਾਨ ਸ਼ੁੱਕਰਵਾਰ 6 ਨਵੰਬਰ ਨੂੰ ਕੀਤਾ ਜਾਣਾ ਹੈ । ਇਨ੍ਹਾਂ ਵੋਟਾਂ ਦੇ ਰੁਝਾਨੀ ਨਤੀਜਿਆਂ ਅਨੁਸਾਰ ਲੇਬਰ ਪਾਰਟੀ ਇਸ ਵੇਲੇ 64 ਸੀਟਾਂ ਜਿੱਤ ਰਹੀ ਹੈ। ਇਸ ਤੋਂ ਇਲਾਵਾ ਨੈਸ਼ਨਲ ਪਾਰਟੀ ਨੂੰ 35 ਸੀਟਾਂ, ਐਕਟ ਪਾਰਟੀ ਨੂੰ 10 ਸੀਟਾਂ, ਗ੍ਰੀਨ ਪਾਰਟੀ ਨੂੰ 10 ਸੀਟਾਂ, ਮਾਓਰੀ ਪਾਰਟੀ ਨੂੰ ਇੱਕ ਸੀਟ ਮਿਲ ਰਹੀ ਹੈ। ਸ਼ੁੱਕਰਵਾਰ ਨੂੰ ਹੋਂਦ ਵਿੱਚ ਆ ਰਹੀ ਨਵੀਂ ਸਰਕਾਰ ਸਹੁੰ ਚੁੱਕੇਗੀ।
ਦਰਅਸਲ, ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਭਾਰਤੀ ਮੂਲ ਦੀ MP ਰਾਧਾ ਕ੍ਰਿਸ਼ਨਨ ਨੂੰ ਇਸ ਵਾਰ ਮੰਤਰੀ ਅਹੁਦੇ ਲਈ ਚੁਣ ਲਿਆ ਗਿਆ ਹੈ । ਇਸ ਅਹੁਦੇ ਵਿੱਚ ਰਾਧਾ ਕ੍ਰਿਸ਼ਨਨ ਦੇ ਕੋਲ ਤਿੰਨ ਮੰਤਰਾਲੇ ਰਹਿਣਗੇ। ਜਿਨ੍ਹਾਂ ਵਿੱਚ ‘ਕਮਿਊਨਿਟੀ ਅਤੇ ਵਲੰਟੀਅਰ ਮੰਤਰਾਲਾ’, ‘ਡਾਇਵਰਸਿਟੀ-ਇਨਕਲੂਜ਼ਨ-ਏਥਨਿਕ ਮੰਤਰਾਲਾ’ ਅਤੇ ‘ਯੂਥ ਮੰਤਰਾਲਾ’ ਦਾ ਕਾਰਜ ਭਾਰ ਸੌਂਪਿਆ ਗਿਆ ਹੈ। ਇਸ ਤੋਂ ਇਲਾਵਾ ਉਹ ‘ਸ਼ੋਸਲ ਡਿਵੈਲਪਮੈਂਟ ਅਤੇ ਇੰਪਲਾਇਮੈਂਟ’ ਦੇ ਸਹਾਇਕ ਮੰਤਰੀ ਰਹਿਣਗੇ ।
ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਪ੍ਰਿਅੰਕਾ ਰਾਧਾ ਕ੍ਰਿਸ਼ਨਨ ਨੂੰ 12440 ਵੋਟਾਂ ਪਈਆਂ ਜਦ ਕਿ ਉਨ੍ਹਾਂ ਦੇ ਹਲਕੇ ਮਾਉਂਗਾਕਾਇਕੀ ਦੇ ਨੈਸ਼ਨਲ ਪਾਰਟੀ ਦੇ ਉਮਦੀਵਾਰ ਡੇਨਿਸ ਲੀਅ ਨੂੰ 13010 ਵੋਟਾਂ ਪਈਆਂ । ਉਹ ਭਾਵੇਂ 580 ਵੋਟਾਂ ਦੇ ਫਰਕ ਨਾਲ ਹਾਰ ਗਏ ਹਨ ਪਰ ਉਨ੍ਹਾਂ ਦੀ ਚੋਣ ਲਿਸਟ MP ਵਜੋਂ ਹੋ ਗਈ ।
ਦੱਸ ਦੇਈਏ ਕਿ ਪ੍ਰਿਯੰਕਾ ਰਾਧਾਕ੍ਰਿਸ਼ਨਨ ਨਿਊਜ਼ੀਲੈਂਡ ਵਿੱਚ ਮੰਤਰੀ ਅਹੁਦੇ ‘ਤੇ ਆਉਣ ਵਾਲੀ ਭਾਰਤੀ ਮੂਲ ਦੀ ਪਹਿਲੀ ਮੈਂਬਰ ਬਣ ਗਈ ਹੈ । ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਸੋਮਵਾਰ ਨੂੰ ਆਪਣੇ ਮੰਤਰੀ ਮੰਡਲ ਵਿੱਚ ਪ੍ਰਿਅੰਕਾ ਸਮੇਤ ਪੰਜ ਨਵੇਂ ਮੰਤਰੀ ਸ਼ਾਮਿਲ ਕੀਤੇ ਹਨ । ਭਾਰਤ ਵਿੱਚ ਜਨਮੀ ਪ੍ਰਿਯੰਕਾ(41) ਨੇ ਸਕੂਲ ਤੱਕ ਸਿੰਗਾਪੁਰ ਵਿੱਚ ਪੜ੍ਹਾਈ ਕੀਤੀ ਅਤੇ ਫਿਰ ਅਗਲੀ ਪੜ੍ਹਾਈ ਲਈ ਨਿਊਜ਼ੀਲੈਂਡ ਚਲੀ ਗਈ। ਉਨ੍ਹਾਂ ਨੇ ਲਗਾਤਾਰ ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਔਰਤਾਂ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਪ੍ਰਵਾਸੀ ਮਜ਼ਦੂਰਾਂ ਵਰਗੇ ਲੋਕਾਂ ਲਈ ਅਵਾਜ ਚੁੱਕੀ, ਜਿਨ੍ਹਾਂ ਦੀ ਆਵਾਜ਼ ਅਕਸਰ ਸੁਣੀ ਜਾਂਦੀ ਸੀ। ਲੇਬਰ ਪਾਰਟੀ ਵੱਲੋਂ ਪਹਿਲੀ ਵਾਰ ਸਤੰਬਰ 2017 ਵਿੱਚ ਉਹ ਸੰਸਦ ਮੈਂਬਰ ਚੁਣੀ ਗਈ ਸੀ । 2019 ਵਿੱਚ ਉਨ੍ਹਾਂ ਨੂੰ ਨਸਲੀ ਫਿਰਕਿਆਂ ਲਈ ਸੰਸਦੀ ਪ੍ਰਾਈਵੇਟ ਸੱਕਤਰ ਨਿਯੁਕਤ ਕੀਤਾ ਗਿਆ ਸੀ ।