67 teams of farmers will stage : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸੋਮਵਾਰ ਨੂੰ ਸੂਬੇ ਦੀਆਂ ਵੱਖ- ਵੱਖ ਜਥੇਬੰਦੀਆਂ ਨੇ 5 ਨਵੰਬਰ ਨੂੰ ਦੇਸ਼ ਭਰ ਵਿਚ ਚੱਕਾ ਜਾਮ ਲਈ 67 ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਪੰਜਾਬ ਦੇ ਵੱਖ- ਵੱਖ ਮਾਲਾਂ, ਟੋਲ ਪਲਾਜ਼ਾ, ਸੂਬਾਈ ਅਤੇ ਕੌਮੀ ਹਾਈਵੇ ’ਤੇ ਤਾਇਨਾਤ ਰਹਿਣਗੀਆਂ ਅਤੇ ਪੰਜਾਬ ਆਉਣ ਜਾਂ ਆਉਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਰੋਕਣਗੀਆਂ।
ਧਿਆਨ ਯੋਗ ਹੈ ਕਿ 5 ਨਵੰਬਰ ਨੂੰ ਕਿਸਾਨ ਜੱਥੇਬੰਦੀਆਂ ਆਪਣੇ-ਆਪਣੇ ਸੂਬਿਆਂ ਵਿਚ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਚੱਕਾ ਜਾਮ ਕਰਨਗੀਆਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜਦੋਂ ਤੱਕ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਕਿਸਾਨ ਚੁੱਪ ਨਹੀਂ ਰਹਿਣਗੇ। 5 ਨਵੰਬਰ ਦੇ ਚੱਕਾ ਜਾਮ ਲਈ 67 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਕਿ ਸੂਬੇ ਦੇ ਸਾਰੇ ਕੌਮੀ ਅਤੇ ਰਾਜ ਮਾਰਗਾਂ ਨੂੰ ਜਾਮ ਕਰ ਦੇਣਗੀਆਂ ਤਾਂ ਜੋ ਕੋਈ ਵੀ ਪੰਜਾਬ ਵਿੱਚੋਂ ਲੰਘ ਕੇ ਜਾਮ ਦੌਰਾਨ ਪੰਜਾਬ ਦੇ ਅੰਦਰ ਨਾ ਆ ਸਕੇ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਦੱਸਿਆ ਕਿ 5 ਨਵੰਬਰ ਨੂੰ ਚੱਕਾ ਜਾਮ ਦੌਰਾਨ ਮੈਡੀਕਲ ਐਮਰਜੈਂਸੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਕਿਸੇ ਵੀ ਮਰੀਜ਼ ਜਾਂ ਐਂਬੂਲੈਂਸ ਨੂੰ ਜਾਣ ਤੋਂ ਨਹੀਂ ਰੋਕਿਆ ਜਾਵੇਗਾ।
ਦੱਸਣਯੋਗ ਹੈ ਕਿ ਸੂਬੇ ਦੇ ਸ਼ੰਭੂ ਬੈਰੀਅਰ ਤੋਂ ਅੰਮ੍ਰਿਤਸਰ ਤੱਕ, ਪਠਾਨਕੋਟ-ਗੁਰਦਾਸਪੁਰ-ਤਰਨ ਤਾਰਨ-ਫ਼ਿਰੋਜ਼ਪੁਰ ਤੋਂ ਰਾਜਸਥਾਨ ਦੇ ਰਸਤੇ ’ਤੇ, ਪਠਾਨਕੋਟ-ਜਲੰਧਰ ਹਾਈਵੇ, ਜਲੰਧਰ-ਬਰਨਾਲਾ ਤੋਂ ਹਰਿਆਣਾ ਜਾਣ ਵਾਲੇ ਹਾਈਵੇ ’ਤੇ, ਜ਼ੀਰਕਪੁਰ-ਰਾਜਪੁਰਾ-ਪਟਿਆਲਾ ਰੋਡ, ਬਠਿੰਡਾ-ਗਿੱਦੜਬਾਹਾ-ਮਲੋਟ-ਅਬੋਹਰ-ਫਾਜ਼ਿਲਕਾ ਮਾਰਗ, ਮਲੋਟ-ਡੱਬਵਾਲੀ ਹਾਈਵੇ, ਪਟਿਆਲਾ-ਪੈਂਤਰਾ-ਮੂਨਕ-ਹਿਸਾਰ ਰੋਡ, ਪਟਿਆਲਾ-ਸਰਹਿੰਦ-ਮੋਹਾਲੀ ਰੋਡ, ਚੰਡੀਗੜ੍ਹ-ਰੋਪੜ-ਖਰੜ-ਕੀਰਤਪੁਰ ਸਾਹਿਬ-ਆਨੰਦਪੁਰ ਸਾਹਿਬ ਹਾਈਵੇਅ, ਖਰੜ-ਲੁਧਿਆਣਾ-ਤਲਵੰਡੀ ਸਾਬੋ-ਫਿਰੋਜ਼ਪੁਰ ਹਾਈਵੇਅ, ਮੁੱਲਾਂਪੁਰ-ਰਾਏਪੁਰ-ਬਰਨਾਲਾ ਰਾਜ ਮਾਰਗ, ਮੋਗਾ-ਕੋਟਕਪੂਰਾ ਸਟੇਟ ਹਾਈਵੇ, ਫਿਰੋਜ਼ਪੁਰ-ਜੀਰਾ-ਧਰਮਕੋਟ ਸਟੇਟ ਹਾਈਵੇ, ਟਾਂਡਾ-ਹੁਸ਼ਿਆਰਪੁਰ-ਗੜ੍ਹਸ਼ੰਕਰ-ਬਲਾਚੌਰ ਹਾਈਵੇਅ, ਜਲੰਧਰ-ਹੁਸ਼ਿਆਰਪੁਰ-ਮੁਬਾਰਕਪੁਰ ਹਾਈਵੇ ’ਤੇ ਧਰਨਾ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਸੂਬੇ ਵਿਚ ਨੈਸ਼ਨਲ ਹਾਈਵੇ 3270 ਕਿਲੋਮੀਟਰ ਹੈ ਜਦੋਂ ਕਿ ਰਾਜ ਮਾਰਗ 900 ਕਿਲੋਮੀਟਰ ਹੈ। ਇਸ ਬਾਰੇ ਟ੍ਰੈਫਿਕ ਸਲਾਹਕਾਰ ਨਵਦੀਪ ਅਸੀਜਾ ਕਹਿਣਾ ਹੈ ਕਿ 5 ਨਵੰਬਰ ਨੂੰ ਬਹੁਤ ਜ਼ਰੂਰੀ ਹੋਣ ’ਤੇ ਹੀ ਸਫਰ ਕਰਨਾ ਚਾਹੀਦਾ ਹੈ। ਇਹ ਧਰਨਾ 4 ਵਜੇ ਖਤਮ ਹੋ ਜਾਵੇਗਾ ਪਰ ਟ੍ਰੈਫਿਕ ਸਹੀ ਹੋਣ ਵਿੱਚ ਕਈ ਘੰਟੇ ਲੱਗ ਸਕਦੇ ਹਨ।