Former BJP minister : ਬਠਿੰਡਾ :ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਿਸਾਨਾਂ ਦੇ ਚੱਲ ਰਹੇ ਪ੍ਰਦਰਸ਼ਨ ‘ਤੇ ਸੋਮਵਾਰ ਨੂੰ ਭਾਜਪਾ ਦੇ ਸਾਬਕਾ ਮੰਤਰੀ ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕਿਸਾਨਾਂ ਦੇ ਧਰਨੇ ‘ਚ ਨਕਸਲੀ ਵੀ ਸ਼ਾਮਲ ਹੋ ਚੁੱਕੇ ਹਨ ਜੋ ਕੇਂਦਰ ਨਾਲ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਣਾ ਦੇਣਾ ਚਾਹੁੰਦੇ। ਸੋਮਵਾਰ ਨੂੰ ਬਠਿੰਡਾ ਸਰਕਟ ਹਾਊਸ ‘ਚ ਪ੍ਰੈਸ ਕਾਨਫਰੰਸ ਕਰਦੇ ਉਨ੍ਹਾਂ ਇਹ ਬਿਆਨ ਦਿੱਤਾ। ਮਿੱਤਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨ ਸੰਗਠਨਾਂ ਦਾ ਧਰਨਾ ਕੇਂਦਰ ਖਿਲਾਫ ਲਗਵਾਇਆ ਪਰ ਇਹ ਸਾਰੇ ਧਰਨੇ ਹੁਣ ਕਾਂਗਰਸ ਸਰਕਾਰ ਲਈ ਹੀ ਗਲੇ ਦੀ ਹੱਡੀ ਬਣ ਚੁੱਕੇ ਹਨ। ਕੈਪਟਨ ਸਰਕਾਰ ਨੇ ਵਿਧਾਨ ਸਭਾ ‘ਚ ਜੋ ਕਾਨੂੰਨ ਪਾਸ ਕੀਤੇ ਹਨ ਉਹ ਸਿਰਫ ਨਾਟਕ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਜੇਕਰ ਅਜਿਹੇ ‘ਚ ਕਾਂਗਰਸ ਸਰਕਾਰ ਕਿਸਾਨਾਂ ਦੇ ਧਰਨੇ ਨੂੰ ਸ਼ਹਿ ਦਿੰਦੀ ਰਹੀ ਤਾਂ ਫਿਰ ਪੰਜਾਬ ‘ਚ ਫਿਰ ਤੋਂ ਕਾਲਾ ਦੌਰ ਆ ਸਕਦਾ ਹੈ।
ਮਿੱਤਲ ਨੇ ਕਿਹਾ ਕਿ ਉਕਤ ਕਿਸਾਨਾਂ ਦੇ ਧਰਨੇ ‘ਚ ਨਕਸਲੀ ਸ਼ਾਮਲ ਹੋ ਚੁੱਕੇ ਜੋ ਕੇਂਦਰ ਨਾਲ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੋਣ ਦੇ ਰਹੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਸ ਮਾਮਲੇ ‘ਤੇ ਬਹੁਤ ਸੋਚ ਸਮਝ ਕੇ ਚੱਲੇ। ਸਾਰਿਆਂ ਵਿੱਚ ਮਦਨ ਮੋਹਨ ਮਿੱਤਲ ਨੇ ਚੋਣਾਂ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ‘ਚ 2022 ਵਿਧਾਨ ਸਭਾ ਚੋਣਾਂ ‘ਚ 117 ਸੀਟਾਂ ਅਤੇ ਨਿਗਮ ਚੋਣਾਂ ‘ਚ 50 ਸੀਟਾਂ ‘ਤੇ ਚੋਣਾਂ ਲੜੇਗੀ। ਉਥੇ ਕੇਂਦਰ ਸਰਕਾਰ ਕੁਝ ਮਹੀਨੇ ‘ਚ ਕਿਸਾਨਾਂ ਨਾਲ ਮਸਲੇ ਨੂੰ ਹੱਲ ਕਰ ਲਵੇਗੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਨੇ 4 ਨਵੰਬਰ ਨੂੰ ਰਾਸ਼ਟਰਪਤੀ ਨੂੰ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਕਰਨ ਲਈ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਰਾਸ਼ਟਰਪਤੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਪਹਿਲਾਂ ਹੀ ਪ੍ਰਗਟਾਇਆ ਸੀ ਕਿ ਇਨ੍ਹਾਂ ਖੇਤੀ ਕਾਨੂੰਨਾਂ ਕਾਰਨ ਪੰਜਾਬ ‘ਚ ਅਮਨ, ਸ਼ਾਂਤੀ ਭੰਗ ਹੋਣ ਦਾ ਡਰ ਹੈ ਤੇ ਹੋ ਸਕਦਾ ਹੈ ਕਿ ਇਸ ਨਾਲ ਪੰਜਾਬ ‘ਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਜਾਵੇ।