Punjab will have power cuts : ਪੰਜਾਬ ਵਿੱਚ ਬਿਜਲੀ ਦੇ ਹਾਲਾਤ ਕਾਫੀ ਚਿੰਤਾਜਨਕ ਸਥਿਤੀ ’ਤੇ ਪਹੁੰਚ ਗਏ ਹਨ। ਸੂਬੇ ਵਿੱਚ ਬਿਜਲੀ ਵਿਭਾਗ ਕੋਲ ਅੱਜ ਰਹਿੰਦਾ ਵੀ ਅੱਜ ਖਤਮ ਹੋ ਜਾਵੇਗਾ, ਜਿਸ ਤੋਂ ਬਾਅਦ ਲੋਕਾਂ ਨੂੰ ਬਿਜਲੀ ਦੇ ਲਗਾਤਾਰ ਕੱਟਾਂ ਦਾ ਸਾਹਮਣਾ ਕਰਨਾ ਪਏਗਾ। ਇਸ ਦੀ ਪੁਸ਼ਟੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਚੇਅਰਮੈਨ ਵੇਨੂੰ ਪ੍ਰਸਾਦ ਕਰਦਿਆਂ ਦੱਸਿਆ ਕਿ ਬਿਜਲੀ ਦੇ ਹਾਲਾਤ ਕਾਫੀ ਖਰਾਬ ਹੋ ਚੁੱਕੇ ਹਨ। ਕੋਲੇ ਦੀ ਘਾਟ ਹੋਣ ਕਾਰਨ ਅੱਜ ਆਖਰੀ ਥਰਮਲ ਪਲਾਂਟ ਵੀ 3 ਵਜੇ ਤੱਕ ਬੰਦ ਹੋ ਜਾਏਗਾ, ਜਿਸ ਦੇ ਚੱਲਦਿਆਂ ਬਿਜਲੀ ਕੱਟ ਲਗਾਉਣ ਤੋਂ ਇਲਾਵਾ ਕੋਈ ਹੱਲ ਨਹੀਂ ਹੈ।
ਚੇਅਰਮੈਨ ਵੇਨੂੰ ਪ੍ਰਸਾਦ ਨੇ ਦੱਸਿਆ ਕਿ ਸੂਬੇ ਵਿੱਚ ਬਿਜਲੀ ਦੇ ਹਾਲਾਤ ਕਾਫੀ ਨਾਜ਼ੁਕ ਹਨ। ਪਿਛਲੇ 40 ਦਿਨਾਂ ਤੋਂ ਕੋਲਾ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਤਿੰਨ ਨਿੱਜੀ ਥਰਮਲ ਪਲਾਂਟ ਵੱਡੀ ਮਾਤਰਾ ਵਿੱਚ ਬਿਜਲੀ ਪੈਦਾ ਕਰਦੇ ਹਨ, ਉਹ ਵੀ ਪੂਰੀ ਤਰ੍ਹਾਂ ਬੰਦ ਹੈ। ਉਨ੍ਹਾ ਦੱਸਿਆ ਕਿ ਕੋਲਾ ਨਾ ਹੋਣ ਕਰਕੇ ਅੱਜ 3 ਵਜੇ ਜੀਵੀਕੇ ਪਾਵਰ ਪਲਾਂਟ ਵੀ ਬੰਦ ਹੋ ਰਿਹਾ ਹੈ। ਵੇਨੂ ਪ੍ਰਸਾਦ ਨੇ ਦੱਸਿਆ ਕਿ ਅੱਜ ਵੀ ਖੇਤੀਬਾੜੀ ਸੈਕਟਰ ਅਤੇ ਘਰੇਲੂ ਬਿਜਲੀ ਦੇ ਕੱਟ ਲਗਾਏ ਗਏ ਹਨ ਅਤੇ ਅੱਗੇ ਵੀ ਜੇਕਰ ਇਹ ਧਰਨਾ ਨਹੀਂ ਚੁੱਕਿਆ ਜਾਂਦਾ ਤਾਂ ਕੱਟ ਲਗਾਉਣ ਤੋਂ ਇਲਾਵਾ ਸਾਡੇ ਕੋਲ ਕੋਈ ਚਾਰਾ ਨਹੀਂ ਰਹੇਗਾ। ਉਨ੍ਹਾਂ ਦੱਸਿਆ ਕਿ ਅਸੀਂ ਰੋਜ਼ਾਨਾ ਪਾਵਰ ਐਕਸਚੇਂਜ ਤੋਂ 2000-3000 ਮੈਗਾਵਾਟ ਪਾਵਰ ਖਰੀਦ ਰਹੇ ਹਾਂ। ਪਰ ਕੁਝ ਕਾਰਨਾਂ ਕਰਕੇ ਬਾਹਰੋਂ ਬਿਜਲੀ ਲਈ ਇਨ੍ਹਾਂ ‘ਤੇ ਨਿਰਭਰ ਨਹੀਂ ਹੋਇਆ ਜਾ ਸਕਦਾ। ਉਨ੍ਹਾਂ ਛੇਤੀ ਹੀ ਧਰਨੇ ਚੁੱਕੇ ਜਾਣ ਦੀ ਉਮੀਦ ਪ੍ਰਗਟਾਈ ਤਾਂਜੋ ਮਾਲ ਗੱਡੀਆਂ ਦੀ ਆਵਾਜਾਈ ਬਹਾਲ ਹੋਵੇ ਅਤੇ ਸੂਬੇ ਨੂੰ ਕੋਲੇ ਦੀ ਸਪਲਾਈ ਹੋ ਸਕੇ।
ਦੱਸ ਦੇਈਏ ਕਿ ਮੁੱਖ ਮੰਤਰੀ ਵੱਲੋਂ ਸੂਬੇ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਬੰਦ ਹੋਣ ਕਰਕੇ ਕੱਲ੍ਹ 4 ਨਵੰਬਰ 31 ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਗਿਆ ਹੈ। ਹਾਲਾਂਕਿ ਕਿਸਾਨਾਂ ਵੱਲੋਂ ਕਾਫੀ ਜਗ੍ਹਾ ਰੇਲਵੇ ਟਰੈਕ ਸਾਫ ਕਰ ਦਿੱਤੇ ਗਏ ਹਨ ਪਰ ਨਿੱਜੀ ਥਰਮਲ ਪਲਾਂਟ ਬੰਦ ਹੋਣ ਕਰਕੇ ਸੂਬਾ ਬਿਜਲੀ ਦੇ ਸੰਕਟ ਨਾਲ ਜੂਝ ਰਿਹਾ ਹੈ। ਦੂਜੇ ਪਾਸੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦਿਆਂ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸੂਬੇ ਦੀਆਂ ਵੱਖ- ਵੱਖ 67 ਜਥੇਬੰਦੀਆਂ 5 ਨਵੰਬਰ ਨੂੰ ਦੇਸ਼ ਭਰ ਵਿਚ ਚੱਕਾ ਜਾਮ ਕਰਨਗੀਆਂ, ਜਿਥੇ ਪੰਜਾਬ ਦੇ ਵੱਖ- ਵੱਖ ਮਾਲਾਂ, ਟੋਲ ਪਲਾਜ਼ਾ, ਸੂਬਾਈ ਅਤੇ ਕੌਮੀ ਹਾਈਵੇ ’ਤੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਪੰਜਾਬ ਆਉਣ ਜਾਂ ਆਉਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਰੋਕਿਆ ਜਾਵੇਗਾ।