CM’s dharna with : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਕੱਲ ਉਹ ਵਿਧਾਇਕਾਂ ਨਾਲ ਦਿੱਲੀ ਵਿਖੇ ਰਾਜਘਾਟ ਜਾ ਕੇ ਰਿਲੇਅ ਧਰਨੇ ਦੀ ਅਗਵਾਈ ਕਰਨਗੇ। ਇਹ ਐਲਾਨ ਮੁੱਖ ਮੰਤਰੀ ਨੇ ਉਦੋਂ ਕੀਤਾ ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨਾਲ ਮੀਟਿੰਗ ਤੋਂ ਇਨਕਾਰ ਕਰ ਦਿੱਤਾ। ਕੈਪਟਨ ਦੇ ਇਸ ਐਲਾਨ ਨੂੰ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਡਰਾਮਾ ਕਰਾਰ ਦਿੱਤਾ। ਮਾਨ ਨੇ ਕਿਹਾ ਕਿ ਇਹ ਕੈਪਟਨ ਦਾ ਇੱਕ ਹੋਰ ਡਰਾਮਾ ਹੈ ਤੇ ਉਹ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।
ਸੰਸਦ ਮੈਂਬਰ ਮਾਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵਾਰ-ਵਾਰ ਰਾਸ਼ਟਰਪਤੀ ਨੂੰ ਮਿਲਣ ਲਈ ਕਿਉਂ ਕਹਿ ਰਹੇ ਹਨ ਜਦਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਫੈਸਲਾ ਪ੍ਰਧਾਨ ਮੰਤਰੀ ਮੋਦੀ ਦੇ ਹੱਥ ‘ਚ ਹੈ। ਫਿਰ ਉਹ ਕਿਉਂ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕਰਕੇ ਪੰਜਾਬ ਦੇ ਭੋਲੇਭਾਲੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੇ ਹਨ। ਮਾਨ ਨੇ ਕਿਹਾ ਕਿ ਪਹਿਲਾਂ ਮੁੱਖ ਮੰਤਰੀ ਨੇ ਕਿਸ ਤਰ੍ਹਾਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ‘ਚ ਸੋਧ ਕਰਨ ਦਾ ਡਰਾਮਾ ਕੀਤਾ ਤੇ ਇਸ ਤੋਂ ਬਾਅਦ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਢਾ ਨੂੰ ਚਿੱਠੀ ਲਿਖਣ ਦਾ ਡਰਾਮਾ ਤੇ ਹੁਣ ਅੱਜ ਉਨ੍ਹਾਂ ਵੱਲੋਂ ਰਾਜਘਾਟ ‘ਤੇ ਜਾ ਕੇ ਧਰਨੇ ਦੀ ਅਗਵਾਈ ਕਰਨ ਦਾ ਡਰਾਮਾ ਕੀਤਾ ਜਾ ਰਿਹਾ ਹੈ।
ਭਗਵੰਤ ਮਾਨ ਦਾ ਕਹਿਣਾ ਹੈ ਕਿ ਜੇਕਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ‘ਚ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ‘ਚ ਸੋਧ ਕਰਨ ਦੀ ਬਜਾਏ MSP ‘ਤੇ ਸਰਕਾਰੀ ਖਰੀਦ ਦੀ ਗਾਰੰਟੀ ਵਾਲਾ ਕਾਨੂੰਨ ਪਾਸ ਕੀਤਾ ਜਾਂਦਾ ਤਾਂ ਇਸ ‘ਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਆਉਣੀ ਸੀ ਪਰ ਕੈਪਟਨ ਨੇ ਅਜਿਹਾ ਨਹੀਂ ਕੀਤਾ ਸਗੋਂ ਉਹ ਵਾਰ-ਵਾਰ ਗਲਤ ਕਦਮ ਚੁੱਕ ਕੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸੁਲਝਾਉਣ ਦੀ ਬਜਾਏ ਹੋਰ ਵਧਾ ਰਹੇ ਹਨ ਤੇ ਇਨ੍ਹਾਂ ਸਮੱਸਿਆਵਾਂ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਜੇਕਰ ਮੁੱਖ ਮੰਤਰੀ ਸਾਹਿਬ ਕਿਸਾਨਾਂ ਦੀਆਂ ਮੰਗਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨਹੀਂ ਪਹੁੰਚਾ ਸਕਦੇ ਤਾਂ ਉਨ੍ਹਾਂ ਦੇ ਇਸ ਅਹੁਦੇ ‘ਤੇ ਰਹਿਣ ਦਾ ਕੋਈ ਫਾਇਦਾ ਨਹੀਂ? ਉਨ੍ਹਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।