Effect of Covid on Karwa Chauth : ਚੰਡੀਗੜ੍ਹ : ਕਰਵਾ ਚੌਥ ਔਰਤਾਂ ਦਾ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਸਾਰਾ ਦਿਨ ਭੁੱਖੇ ਰਹਿ ਕੇ ਵਰਤ ਰਖਦੀਆਂ ਹਨ ਅਤੇ ਸ਼ਾਮ ਨੂੰ ਤਿਆਰ ਹੋ ਕੇ ਮੰਦਰਾਂ ਵਿੱਚ ਕਥਾ ਸੁਣਨ ਜਾਂਦੀਆਂ ਹਨ। ਪਰ ਇਸ ਵਾਰ ਕਰਵਾ ਚੌਥ ’ਤੇ ਮੰਦਰਾਂ ਵਿੱਚ ਪਹਿਲਾਂ ਵਾਂਗ ਰੌਣਕ ਨਜ਼ਰ ਨਹੀਂ ਆਏਗੀ। ਕਰਵਾ ਚੌਥ ਦਾ ਤਿਉਹਾਰ ਵੀ ਕੋਵਿਡ-19 ਦੇ ਕਾਰਨ ਬਹੁਤ ਪ੍ਰਭਾਵਤ ਹੋਇਆ ਹੈ। ਇਸ ਤਿਉਹਾਰ ’ਤੇ ਸਭ ਤੋਂ ਅਹਿਮ ਰਸਮ ਸੁਹਾਗਣਾਂ ਵੱਲੋਂ ਥਾਲੀ ਵਟਾਉਣਾ ਹੁੰਦੀ ਹੈ ਪਰ ਇਸ ਵਾਰ ਮੰਦਰਾਂ ਵਿਚ ਥਾਲੀਆਂ ਨਹੀਂ ਵਟਾਈਆਂ ਜਾਣਗੀਆਂ। ਇਸ ਤੋਂ ਇਲਾਵਾ ਕੋਰੋਨਾ ਦੇ ਚੱਲਦਿਆਂ ਮੰਦਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰਖਦੇ ਹੋਏ ਸਿਰਫ ਕਥਾ ਹੀ ਸੁਣਾਈ ਜਾਵੇਗੀ।
ਦੱਸਣਯੋਗ ਹੈ ਕਿ ਸੈਕਟਰ-28 ਵਿਚ ਸਥਿਤ ਪ੍ਰਾਚੀਨ ਖੇੜਾ ਮੰਦਰ ਦੇ ਪੰਡਿਤ ਈਸ਼ਵਰ ਚੰਦਰ ਸ਼ਾਸਤਰੀ ਨੇ ਦੱਸਿਆ ਕਿ ਇਸ ਵਾਰ ਮੰਦਰ ਵਿਚ ਭੀੜ ਲਗਾਉਣ ‘ਤੇ ਪਾਬੰਦੀ ਹੈ। ਥਾਲੀਆਂ ਵਟਾਉਣ ’ਤੇ ਪੂਰੀ ਤਰ੍ਹਾਂ ਰੋਕ ਹੋਵੇਗੀ। ਸਾਰੀਆਂ ਰਸਮਾਂ ਤੇ ਪੂਜਾ ਸਮਾਜਿਕ ਦੂਰੀ ਬਣਾ ਕੇ ਹੀ ਕੀਤੀ ਜਾਵੇਗੀ। ਇਸੇ ਤਰ੍ਹਾਂ ਸੈਕਟਰ-40 ਵਿੱਚ ਸਥਿਤ ਰਾਧਾ ਕ੍ਰਿਸ਼ਨ ਮੰਦਰ ਵਿੱਚ ਸਮਾਜਿਕ ਦੂਰੀਆਂ ਨਾਲ ਕਥਾ ਸੁਣਾਏ ਜਾਣਗੇ।
ਇਸ ਦੇ ਨਾਲ ਹੀ ਆਰੀਆ ਸਮਾਜ ਮੰਦਰ ਸੈਕਟਰ-7 ਦੇ ਰਾਸ਼ਟਰੀ ਵੈਦਿਕ ਬੁਲਾਰੇ ਆਚਾਰੀਆ ਰਾਮਸੁਫਲ ਸ਼ਾਸਤਰੀ ਨੇ ਦੱਸਿਆ ਕਿ ਇਸ ਵਾਰ ਕਥਾ ਉਨ੍ਹਾਂ ਦੇ ਮੰਦਰ ਵਿਚ ਨਹੀਂ ਸੁਣਾਈ ਜਾਏਗੀ। ਪਰ ਉਨ੍ਹਾਂ ਕੋਲ ਸੈਕਟਰ-26 ਤੋਂ ਕੁਝ ਔਰਤਾਂ ਦਾ ਫੋਨ ਆਇਆ ਸੀ ਕਿ ਉਨ੍ਹਾਂ ਨੂੰ ਪਾਰਕ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਾਲ ਕਥਾ ਸੁਣਾਈ ਜਾਵੇ। ਦੱਸਣਯੋਗ ਹੈ ਕਿ ਅੱਜ ਬੁੱਧਵਾਰ ਕਰਵਾਚੌਥ ਦੀ ਪੂਜਾ ਦਾ ਮਹੂਰਤ 17.29 ਤੋਂ 18.48 ਤੱਕ ਹੋਵੇਗਾ, ਇਸ ਦਿਨ ਚੰਦਰਮਾ ਨਿਕਸਣ ਦਾ ਸਮਾਂ ਪੰਚਾਗ ਮੁਤਾਬਕ 8.15 ਮਿੰਟ ਦੱਸਿਆ ਗਿਆ ਹੈ। ਉਥੇ ਹੀ ਚਤੁਰਥੀ ਤਿਥੀ 4 ਨਵੰਬਰ ਨੂੰ 03:24 ਮਿੰਟ ’ਤੇ ਸ਼ੁਰੂ ਹੋਵੇਗੀ ਅਤੇ 5 ਨਵੰਬਰ ਨੂੰ 05:14 ’ਤੇ ਖਤਮ ਹੋਵੇਗੀ। ਜ਼ਿਕਰਯੋਗ ਹੈ ਕਿ ਕਿ ਕੋਰੋਨਾ ਦਾ ਪ੍ਰਭਾਵ ਇਸ ਸਾਲ ਸਾਰੇ ਤਿਉਹਾਰਾਂ ’ਤੇ ਪਿਆ ਹੈ। ਜਿਥੇ ਪਹਿਲਾਂ ਪੂਰੇ ਉਤਸ਼ਾਹ ਨਾਲ ਇਕ-ਦੂਜੇ ਨੂੰ ਮਿਲ ਕੇ ਤਿਉਹਾਰ ਮਨਾਏ ਜਾਂਦੇ ਸਨ, ਉਥੇ ਹੀ ਹੁਣ ਹਰ ਤਿਉਹਾਰ ਕੁਝ ਪਾਬੰਦੀਆਂ ਨਾਲ ਮਨਾਏ ਜਾਣਗੇ।