Another debt-ridden : ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਰਜ਼ੇ ਮੁਆਫੀ ਦੇ ਦਾਅਵੇ ਤਾਂ ਬਹੁਤ ਕੀਤੇ ਜਾਂਦੇ ਰਹਿੰਦੇ ਹਨ ਪਰ ਅਮਲ ‘ਚ ਕੁਝ ਵੀ ਨਹੀਂ ਲਿਆਂਦਾ ਜਾਂਦਾ। ਸੂਬੇ ‘ਚ ਕਿਸਾਨਾਂ ਵੱਲੋਂ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਸੁਣਨ ਨੂੰ ਆਉਂਦੀ ਹੈ। ਅੱਜ ਫਿਰ ਤੋਂ ਮਾਨਸਾ ਜਿਲ੍ਹੇ ਦੇ ਪਿੰਡ ਅਕਾਲੀਆ ਦੇ 30 ਸਾਲਾ ਨੌਜਵਾਨ ਕਿਸਾਨ ਨਿਰਮਲ ਸਿੰਘ ਨੇ ਆਤਮਹੱਤਿਆ ਕਰ ਲਈ। ਇਹ ਦੱਸਿਆ ਜਾ ਰਿਹਾ ਹੈ ਕਿ ਨਿਰਮਲ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਮਿਲੀ ਜਾਣਕਾਰੀ ਮੁਤਾਬਕ ਨਿਰਮਲ ਸਿੰਘ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਤੇ ਉਸ ਉਪਰ ਕਾਫੀ ਕਰਜ਼ਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਖੋਫਨਾਕ ਕਦਮ ਚੁੱਕਿਆ। ਇਹ ਵੀ ਪਤਾ ਲੱਗਾ ਹੈ ਕਿ ਕਿਸਾਨ ਆਪਣੇ ਪਿੱਛੇ ਇੱਕ ਭਰਾ ਤੇ ਬਜ਼ੁਰਗ ਮਾਤਾ ਨੂੰ ਛੱਡ ਗਿਆ ਹੈ। ਮ੍ਰਿਤਕ ਨਿਰਮਲ ਸਿੰਘ ਦੇ ਪਿਤਾ ‘ਤੇ ਕਾਫੀ ਕਰਜ਼ਾ ਸੀ ਜਿਸ ਦਾ ਭਾਰ ਹੁਣ ਨਿਰਮਲ ਸਿੰਘ ‘ਤੇ ਆ ਗਿਆ ਸੀ ਜਿਸ ਨੂੰ ਚੁਕਾਉਣ ਲਈ ਉਸ ਨੇ ਘਰ ਦੇ ਸਾਰੇ ਗਹਿਣੇ ਤੇ ਟਰੈਕਟਰ ਵੀ ਵੇਚ ਦਿੱਤਾ ਸੀ ਪਰ ਅਜੇ ਤੱਕ ਵੀ ਕਰਜ਼ਾ ਨਹੀਂ ਉਤਾਰ ਸਕਿਆ ਸੀ ਜਿਸ ਕਾਰਨ ਉਹ ਕਰਜ਼ੇ ਦੇ ਭਾਰ ਨੂੰ ਸਹਿ ਨਾ ਸਕਿਆ ਅਤੇ ਜ਼ਹਿਰੀਲੀ ਚੀਜ਼ ਪੀ ਕੇ ਉਸ ਨੇ ਖੁਦਕੁਸ਼ੀ ਕਰ ਲਈ। ਇੱਕ ਤਾਂ ਪਹਿਲਾਂ ਹੀ ਕਿਸਾਨ ਬਹੁਤ ਪ੍ਰੇਸ਼ਾਨ ਹਨ ਤੇ ਦੂਜੇ ਪਾਸੇ ਕੋਰੋਨਾ ਕਾਲ ਕਾਰਨ ਉਨ੍ਹਾਂ ਨੂੰ ਕਾਫੀ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਤੇ ਰਹਿੰਦੀ-ਖੂੰਹਦੀ ਕਸਰ ਇਨ੍ਹਾਂ ਖੇਤੀ ਬਿੱਲਾਂ ਨੇ ਪੂਰੀ ਕਰ ਦਿੱਤੀ ਜਿਸ ਤੋਂ ਪੰਜਾਬ ਦੇ ਕਿਸਾਨ ਬਹੁਤ ਹੀ ਦੁਖੀ ਹਨ। ਸਰਕਾਰ ਨੂੰ ਆਪਣੇ ਵਾਅਦਿਆਂ ਮੁਤਾਬਕ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਘੱਟ ਕੀਤਾ ਜਾ ਸਕੇ।