Marlon samuels announces retirement: ਵੈਸਟਇੰਡੀਜ਼ ਦੇ 39 ਸਾਲਾ ਸਟਾਰ ਕ੍ਰਿਕਟਰ ਮਾਰਲੋਨ ਸੈਮੂਅਲਜ਼ ਨੇ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਦਸੰਬਰ 2018 ਵਿੱਚ, ਸੈਮੂਅਲਸ ਆਖਰੀ ਵਾਰ ਵੈਸਟਇੰਡੀਜ਼ ਦੀ ਜਰਸੀ ਵਿੱਚ ਖੇਡਦੇ ਵੇਖੇ ਗਏ ਸਨ। ਵੈਸਟਇੰਡੀਜ਼ ਕ੍ਰਿਕਟ ਨੇ ਮਾਰਲਨ ਸੈਮੂਅਲਜ਼ ਦੇ ਕ੍ਰਿਕਟ ਨੂੰ ਅਲਵਿਦਾ ਕਹਿਣ ਦੀ ਜਾਣਕਾਰੀ ਦਿੱਤੀ ਹੈ। ਸੈਮੂਅਲਸ ਹਾਲ ਹੀ ਵਿੱਚ ਸਟੋਕਸ ਨਾਲ ਵਿਵਾਦ ਦੇ ਕਾਰਨ ਵੀ ਸੁਰਖੀਆਂ ਵਿੱਚ ਹਨ। ਸੈਮੂਅਲਜ਼ ਵਿੰਡੀਜ਼ ਦੀ ਟੀਮ ਲਈ ਦੋਵੇਂ ਟੀ -20 ਵਿਸ਼ਵ ਕੱਪ (2012, 2016) ਦੇ ਫਾਈਨਲ ਵਿੱਚ ਚੋਟੀ ਦੇ ਸਕੋਰਰ ਸਨ। ਮਿਲੀ ਜਾਣਕਰੀ ਦੇ ਅਨੁਸਾਰ 39 ਸਾਲਾ ਮਾਰਲਨ ਸੈਮੂਅਲਜ਼ ਨੇ ਕ੍ਰਿਕਟ ਵੈਸਟਇੰਡੀਜ਼ (ਸੀਡਬਲਯੂਆਈ) ਨੂੰ ਇਸ ਸਾਲ ਜੂਨ ਵਿੱਚ ਆਪਣੀ ਰਿਟਾਇਰਮੈਂਟ ਬਾਰੇ ਜਾਣਕਾਰੀ ਦੇ ਦਿੱਤੀ ਸੀ। ਸੈਮੂਅਲਜ਼ ਆਖਰੀ ਵਾਰ ਦਸੰਬਰ 2018 ਵਿੱਚ ਬੰਗਲਾਦੇਸ਼ ਵਿਰੁੱਧ ਕੈਰੇਬੀਅਨ ਟੀਮ ਲਈ ਖੇਡਿਆ ਸੀ।
ਸੈਮੂਅਲਜ਼ ਨੇ ਵੈਸਟਇੰਡੀਜ਼ ਲਈ 71 ਟੈਸਟ, 207 ਇੱਕ ਰੋਜ਼ਾ ਅੰਤਰਰਾਸ਼ਟਰੀ ਅਤੇ 67 ਟੀ -20 ਮੈਚ ਖੇਡੇ ਸਨ। ਸੈਮੂਅਲਜ਼ ਨੇ ਸਾਰੇ ਤਿੰਨ ਕੌਮਾਂਤਰੀ ਫਾਰਮੈਟਾਂ ਵਿੱਚ 11,134 ਦੌੜਾਂ ਬਣਾਈਆਂ ਹਨ, ਜਿਸ ਵਿੱਚ 17 ਸੈਂਕੜੇ ਸ਼ਾਮਿਲ ਹਨ। ਉਸ ਨੇ 152 ਅੰਤਰਰਾਸ਼ਟਰੀ ਵਿਕਟ ਵੀ ਲਏ ਹਨ। ਸੈਮੂਅਲਜ਼ ਦਾ ਕਰੀਅਰ ਵੀ ਵਿਵਾਦਾਂ ਨਾਲ ਘਿਰਿਆ ਹੋਇਆ ਸੀ। ਮੈਦਾਨ ਤੋਂ ਬਾਹਰ, ਉਹ ਗਲਤ ਕਾਰਨਾਂ ਕਰਕੇ ਵੀ ਚਰਚਾ ਵਿੱਚ ਰਿਹਾ ਹੈ। 2008 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈ. ਸੀ. ਸੀ.) ਨੇ ਉਸ ਨੂੰ ਪੈਸੇ ਲੈਣ ਅਤੇ ਕ੍ਰਿਕਟ ਨੂੰ ਬਦਨਾਮ ਕਰਨ ਲਈ ਦੋਸ਼ੀ ਪਾਇਆ ਅਤੇ ਉਸ ‘ਤੇ ਦੋ ਸਾਲਾਂ ਲਈ ਪਾਬੰਦੀ ਲਗਾਈ ਸੀ। ਆਈਸੀਸੀ ਨੇ ਉਸ ਦੇ ਗੇਂਦਬਾਜ਼ੀ ਐਕਸ਼ਨ ਨੂੰ 2015 ਵਿੱਚ ਗ਼ੈਰਕਾਨੂੰਨੀ ਪਾਇਆ ਸੀ ਅਤੇ ਉਸ ਨੂੰ ਇੱਕ ਸਾਲ ਲਈ ਗੇਂਦਬਾਜ਼ੀ ਕਰਨ ਤੋਂ ਰੋਕ ਦਿੱਤਾ ਸੀ। ਉਸ ਨੇ ਉਸ ਸਮੇਂ ਦੇ ਕਪਤਾਨ ਡਵੇਨ ਬ੍ਰਾਵੋ ਦੇ ਆਪਣੇ ਬੋਰਡ ਨਾਲ ਅਦਾਇਗੀ ਦੇ ਵਿਵਾਦ ਕਾਰਨ 2014 ਵਿੱਚ ਭਾਰਤ ਦੌਰੇ ਤੋਂ ਹੱਟਣ ਦੇ ਫੈਸਲੇ ਦਾ ਵੀ ਵਿਰੋਧ ਕੀਤਾ ਸੀ।