Nawanshahr ielts institutes: ਨਵਾਂਸ਼ਹਿਰ, 5 ਨਵੰਬਰ : ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕਰਵਾਈਆਂ ਜਾ ਰਹੀਆਂ ‘ਸਵੀਪ’ ਗਤੀਵਿਧੀਆਂ ਤਹਿਤ ਸ਼ਹਿਰ ਦੇ ਵੱਖ-ਵੱਖ ਆਈਲੈਟਸ ਸੈਂਟਰਾਂ ਵਿਚ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ, ਜਿਨਾਂ ਵਿਚ ‘ਵਿਜ਼ਨ ਵੇਅ’ ਅਤੇ ‘ਫਾਰਨ ਬੈਲਜ਼’ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਸ਼ਾਮਲ ਸਨ।
ਇਸ ਮੌਕੇ 047-ਨਵਾਂਸ਼ਹਿਰ ਦੇ ਸਵੀਪ ਨੋਡਲ ਅਫ਼ਸਰ ਸੁਰਜੀਤ ਸਿੰਘ ਮਝੂਰ ਵੱਲੋਂ ਵੋਟ ਦੀ ਮਹੱਤਤਾ ਅਤੇ ਇਸ ਦੀ ਤਾਕਤ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਇਕ ਪੜੇ-ਲਿਖੇ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੀ ਕੀਮਤੀ ਵੋਟ ਦਾ ਮਹੱਤਵ ਸਮਝਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਬਣਵਾਉਣਾ ਅਤੇ ਇਸ ਦਾ ਸਹੀ ਇਸਤੇਮਾਲ ਕਰਨਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਸਾਡੀ ਕੀਮਤੀ ਵੋਟ ਦੇਸ਼ ਦਾ ਕਾਇਆ ਕਲਪ ਕਰਨ ਦੀ ਸਮਰੱਥਾ ਰੱਖਦੀ ਹੈ, ਇਸ ਲਈ 18 ਸਾਲ ਦੀ ਉਮਰ ਪੂਰੀ ਕਰਦਾ ਕੋਈ ਵੀ ਨੌਜਵਾਨ ਵੋਟ ਦੇ ਅਧਿਕਾਰ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਮੌਕੇ ਬਾਲਗ ਬੱਚਿਆਂ ਕੋਲੋਂ ਵੋਟ ਰਜਿਸਟ੍ਰੇਸ਼ਨ ਫਾਰਮ ਵੀ ਭਰਵਾਏ ਗਏ। ਇਸ ਮੌਕੇ ਪ੍ਰਵੀਨ ਅਰੋੜਾ, ਵਿਭਾ ਅਰੋੜਾ, ਮਧੂ ਐਰੀ, ਸਾਹਿਲ, ਪ੍ਰਦੀਪ ਅਤੇ ਨਿਤਿਕਾ ਤੋਂ ਇਲਾਵਾ ਸਬੰਧਤ ਸੈਂਟਰਾਂ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।