IPL 2020 RCB VS SRH ELIMINATOR: ਆਈਪੀਐਲ ਦੇ 13 ਵੇਂ ਸੀਜ਼ਨ ਦੇ ਐਲੀਮੀਨੇਟਰ ਵਿੱਚ ਅੱਜ ਸ਼ੁੱਕਰਵਾਰ ਨੂੰ ਅਬੂ ਧਾਬੀ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਅਤੇ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਵਿਚਕਾਰ ਮੈਚ ਹੋਵੇਗਾ। ਸਨਰਾਈਜ਼ਰਸ ਹੈਦਰਾਬਾਦ ਦੀ ਟੀਮ ਦੇ ਹੌਂਸਲੇ ਬੁਲੰਦ ਹਨ ਜਿਸ ਨੇ ਸਖਤ ਚੁਣੌਤੀਆਂ ਨੂੰ ਪਾਰ ਕਰ ਪਲੇ-ਆਫ ਵਿੱਚ ਜਗ੍ਹਾ ਬਣਾਈ ਹੈ। ਇਹ ਮੈਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਟੂਰਨਾਮੈਂਟ ‘ਚ ਹੌਲੀ ਸ਼ੁਰੂਆਤ ਤੋਂ ਬਾਅਦ ਸਨਰਾਈਜ਼ਰਜ਼ ਨੇ ਅੰਕ ਟੇਬਲ ਵਿੱਚ ਆਰਸੀਬੀ ਤੋਂ ਉੱਪਰ ਤੀਜੇ ਨੰਬਰ ‘ਤੇ ਪਹੁੰਚ ਕੇ ਪਲੇਆਫ ਵਿੱਚ ਜਗ੍ਹਾ ਬਣਾਈ ਸੀ। ਆਰਸੀਬੀ ਲਗਾਤਾਰ ਚਾਰ ਮੈਚਾਂ ਵਿੱਚ ਹਾਰਨ ਤੋਂ ਬਾਅਦ ਪੁਆਇੰਟ ਟੇਬਲ ਵਿੱਚ ਚੌਥੇ ਸਥਾਨ ‘ਤੇ ਰਹੀ ਜਦੋਂ ਕਿ ਸਨਰਾਈਜ਼ਰਜ਼ ਨੇ ਜਿੱਤਾਂ ਦੀ ਹੈਟ੍ਰਿਕ ਲਗਾਈ ਸੀ। ਸਨਰਾਈਜ਼ਰਜ਼ ਨੇ ਪਿੱਛਲੇ ਤਿੰਨ ਮੈਚਾਂ ਵਿੱਚ ਦਿੱਲੀ ਕੈਪੀਟਲਸ, ਆਰਸੀਬੀ ਅਤੇ ਮੁੰਬਈ ਇੰਡੀਅਨਜ਼ ਨੂੰ ਪਛਾੜਿਆ ਸੀ। ਐਲੀਮੀਨੇਟਰ ਮੈਚ ਵਿੱਚ ਹਾਰਨ ਵਾਲੀ ਟੀਮ ਇਸ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗੀ, ਜਦਕਿ ਜੇਤੂ ਟੀਮ 8 ਨਵੰਬਰ ਨੂੰ ਕੁਆਲੀਫਾਇਰ -2 ਵਿੱਚ ਦਿੱਲੀ ਕੈਪੀਟਲ (ਡੀਸੀ) ਨਾਲ ਭਿੜੇਗੀ। ਯਾਨੀ ਕੁਆਲੀਫਾਇਰ -2 ਜਿੱਤ ਕੇ ਟੀਮ ਫਾਈਨਲ ਵਿੱਚ ਪ੍ਰਵੇਸ਼ ਕਰੇਗੀ, ਜਿੱਥੇ ਉਸਦਾ ਸਾਹਮਣਾ ਮੁੰਬਈ ਇੰਡੀਅਨਜ਼ (ਐਮਆਈ) ਨਾਲ ਹੋਵੇਗਾ। ਫਾਈਨਲ 10 ਨਵੰਬਰ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ।
ਵਾਰਨਰ ਨੇ ਹੁਣ ਤੱਕ 14 ਮੈਚਾਂ ਵਿੱਚ 529 ਦੌੜਾਂ ਬਣਾਈਆਂ ਹਨ, ਜਦਕਿ ਸਾਹਾ ਨੇ ਪਿੱਛਲੇ ਤਿੰਨ ਮੈਚਾਂ ਵਿੱਚ 184 ਦੌੜਾਂ ਬਣਾ ਕੇ ਆਪਣੇ ਆਪ ਨੂੰ ਸਾਬਿਤ ਕੀਤਾ ਹੈ। ਵਾਰਨਰ ਅਤੇ ਸਾਹਾ ਨੇ ਇਨ੍ਹਾਂ ਵਧੀਆ ਪ੍ਰਦਰਸ਼ਨ ਕੀਤਾ ਸੀ ਜਿਸ ਕਾਰਨ ਮਨੀਸ਼ ਪਾਂਡੇ, ਕੇਨ ਵਿਲੀਅਮਸਨ, ਪ੍ਰੀਅਮ ਗਰਗ ਅਤੇ ਜੇਸਨ ਹੋਲਡਰ ਨੂੰ ਕੁੱਝ ਵੀ ਨਹੀਂ ਕਰਨਾ ਪਿਆ। ਗੇਂਦਬਾਜ਼ੀ ਵਿੱਚ ਸਨਰਾਈਜ਼ਰਸ ਕੋਲ ਸੰਦੀਪ ਸ਼ਰਮਾ, ਹੋਲਡਰ, ਸ਼ਾਹਬਾਜ਼ ਨਦੀਮ, ਟੀ ਨਟਰਾਜਨ ਅਤੇ ਰਾਸ਼ਿਦ ਖਾਨ ਵਰਗੇ ਇਨ-ਫਾਰਮ ਗੇਂਦਬਾਜ਼ ਹਨ। ਸੰਦੀਪ ਨੇ ਪਾਵਰ ਪਲੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਨਟਰਾਜਨ ਨੇ ਡੈਥ ਓਵਰਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਰਾਸ਼ਿਦ ਮੱਧ ਓਵਰਾਂ ਵਿੱਚ ਕਾਫ਼ੀ ਕਿਫਾਇਤੀ ਸਾਬਿਤ ਹੋਇਆ ਹੈ। ਦੂਜੇ ਪਾਸੇ, ਵਿਰਾਟ ਕੋਹਲੀ ਦੀ ਆਰਸੀਬੀ ਨੂੰ ਆਪਣੇ ਪ੍ਰਦਰਸ਼ਨ ਵਿੱਚ ਮਹੱਤਵਪੂਰਣ ਸੁਧਾਰ ਕਰਨਾ ਪਏਗਾ। ਟੀਮ ਦਾ ਵਿਸ਼ਵਾਸ ਲਗਾਤਾਰ ਚਾਰ ਮੈਚਾਂ ਵਿੱਚ ਹਾਰਨ ਤੋਂ ਬਾਅਦ ਜ਼ਰੂਰ ਟੁੱਟਿਆ ਹੋਵੇਗਾ। ਕਪਤਾਨ ਕੋਹਲੀ ਦਾ ਧਿਆਨ ਹਾਲਾਂਕਿ ਪਿੱਛਲੇ ਪ੍ਰਦਰਸ਼ਨ ਨੂੰ ਭੁੱਲ ਕੇ ਅਗਲੇ ਤਿੰਨ ਮੈਚਾਂ ਵਿੱਚ ਜਿੱਤ ਕੇ ਖਿਤਾਬ ਜਿੱਤਣ ਵੱਲ ਹੋਵੇਗਾ। ਆਰਸੀਬੀ ਦੇ ਬੱਲੇਬਾਜ਼ ਦਿੱਲੀ ਖਿਲਾਫ ਉਮੀਦਾਂ ‘ਤੇ ਖਰੇ ਨਹੀਂ ਉਤਰ ਸਕੇ ਸੀ। ਕੋਹਲੀ ਅਤੇ ਏਬੀ ਡੀਵਿਲੀਅਰਸ ਨੂੰ ਇਸ ਮੈਚ ਵਿੱਚ ਉਮੀਦ ਅਨੁਸਾਰ ਖੇਡਣਾ ਹੋਵੇਗਾ। ਗੇਂਦਬਾਜ਼ੀ ‘ਚ ਨਵਦੀਪ ਸੈਣੀ ਦੀ ਵਾਪਸੀ ਸੰਭਵ ਹੈ, ਜੋ ਸੱਟ ਕਾਰਨ ਪਿੱਛਲਾ ਮੈਚ ਨਹੀਂ ਖੇਡਿਆ ਸੀ। ਮੁਹੰਮਦ ਸਿਰਾਜ, ਈਸੁਰੂ ਉਦਾਨਾ, ਕ੍ਰਿਸ ਮੌਰਿਸ ਤੇਜ਼ ਗੇਂਦਬਾਜ਼ੀ ਲਈ ਜ਼ਿੰਮੇਵਾਰ ਹੋਣਗੇ, ਵਾਸ਼ਿੰਗਟਨ ਸੁੰਦਰ ਅਤੇ ਯੁਜਵੇਂਦਰ ਚਾਹਲ ਸਪਿਨ ਨੂੰ ਸੰਭਾਲਣਗੇ।