Railways ready to run trains in Punjab : ਪੰਜਾਬ ਸਰਕਾਰ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਰੇਲਵੇ ਨੇ ਹੁਣ ਸੂਬੇ ਵਿੱਚ ਗੱਡੀਆਂ ਚਲਾਉਣ ਦੀ ਤਿਆਰੀ ਕਰ ਲਈ ਹੈ। ਇਸ ਸੰਬੰਧੀ ਕੇਂਦਰੀ ਰੇਲ ਮੰਤਰੀ ਪੀਊਸ਼ ਗੋਇਲ ਨੇ ਪੰਜਾਬ ਸਰਕਾਰ ਨੂੰ ਛੇਤੀ ਤੋਂ ਛੇਤੀ ਰੇਲਵੇ ਟਰੈਕ ਖਾਲੀ ਕਰਵਾਉਣ ਲਈ ਕਿਹਾ ਹੈ ਤਾਂਜੋ ਰੇਲ ਸੇਵਾ ਸ਼ੁਰੂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਰੇਲਵੇ ਮੁਲਾਜ਼ਮਾਂ ਦੀ ਸੁਰੱਖਿਆ ਵੀ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਕੇਂਦਰੀ ਰੇਲ ਮੰਤਰੀ ਨੇ ਅੱਜ ਟਵੀਟ ਕਰਕੇ ਕਿਹਾ ਕਿ ਰੇਲਵੇ ਪੰਜਾਬ ਵਿੱਚ ਆਪਣੀਆਂ ਸਾਰੀਆਂ ਸੇਵਾਵਾਂ ਪੂਰੀ ਤਰ੍ਹਾਂ ਤੋਂ ਸ਼ੁਰੂ ਕਰਨ ਲਈ ਤਿਆਰ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਰੇਲ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਰੇਲ ਪਟੜੀਆਂ ਖਾਲੀ ਕਰਵਾਉਣ ਦੀ ਬੇਨਤੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਸਹਿਯੋਗ ਨਾਲ ਹੀ ਰੇਲਾਂ ਚਲਾਈਆਂ ਜਾ ਸਕਣਗੀਆਂ।
ਦੱਸਣਯੋਗ ਹੈ ਕਿ ਪੰਜਾਬ ਵਿੱਚ ਹੁਣ ਵੀ ਰੇਲ ਸੇਵਾ ਬਹਾਲ ਨਹੀਂ ਹੋ ਸਕੀ ਹੈ। ਰੇਲਵੇ ਬੋਰਡ ਦੇ ਚੇਅਰਮੈਨ ਨੇ ਦੱਸਿਆ ਹੈ ਕਿ ਕਿਸਾਨਾਂ ਵੱਲੋਂ 31 ਥਾਵਾਂ ‘ਤੇ ਧਰਨਾ ਲਗਾਇਆ ਗਿਆ ਸੀ ਜਿੰਨਾਂ ਵਿੱਚੋਂ ਹੁਣ ਤੱਕ ਸਿਰਫ਼ 9 ਥਾਵਾਂ ਨੂੰ ਹੀ ਕਲੀਅਰ ਕਰਵਾਇਆ ਗਿਆ ਹੈ,ਬਾਕੀ 22 ਰੇਲਵੇ ਟਰੈਕ ‘ਤੇ ਅਜੇ ਵੀ ਕਿਸਾਨਾਂ ਨੇ ਧਰਨੇ ਲਗਾਏ ਹੋਏ ਹਨ। ਜਿਨ੍ਹਾਂ ਥਾਵਾਂ ‘ਤੇ ਕਿਸਾਨਾਂ ਨੇ ਰੇਲਵੇ ਟਰੈਕ ਖਾਲੀ ਕਰਵਾ ਕਰ ਦਿੱਤਾ ਹੈ ਉਨ੍ਹਾਂ ‘ਤੇ ਰੇਲਵੇ ਵੱਲੋਂ ਸੁਰੱਖਿਆ ਚੈਕਿੰਗ ਕੀਤੀ ਜਾ ਰਹੀ ਹੈ, ਰੇਲਵੇ ਨੇ ਸਾਫ਼ ਕਰ ਦਿੱਤਾ ਹੈ ਕਿ ਚੋਣਵੇਂ ਰੂਟਾਂ ‘ਤੇ ਟ੍ਰੇਨਾਂ ਨਹੀਂ ਚਲਾਇਆ ਜਾ ਸਕਦੀਆਂ ਹਨ। ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ ਜਦੋਂ ਤੱਕ ਟ੍ਰੇਨ ਟਰੈਕ ਪੂਰੀ ਤਰ੍ਹਾਂ ਨਾਲ ਖਾਲੀ ਨਹੀਂ ਹੋਣਗੇ ਟ੍ਰੇਨਾਂ ਚਲਾਉਣਾ ਮੁਸ਼ਕਲ ਹੈ।
ਦੱਸਣਯੋਗ ਹੈ ਕਿ 4 ਨਵੰਬਰ ਨੂੰ 30 ਕਿਸਾਨ ਯੂਨੀਅਨ ਨੇ 20 ਨਵੰਬਰ ਤੱਕ ਰੇਲਵੇ ਟਰੈਕ ਖਾਲੀ ਕਰਨ ਦਾ ਐਲਾਨ ਕੀਤਾ ਸੀ ਪਰ 2 ਦਿਨ ਬੀਤ ਜਾਣ ਦੇ ਬਾਵਜੂਦ ਹੁਣ ਵੀ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਾਂ ‘ਤੇ ਧਰਨੇ ਜਾਰੀ ਹਨ। ਇਸੇ ਦੇ ਚੱਲਦਿਆਂ ਕੇਂਦਰੀ ਮੰਤਰੀ ਪੀਊਸ਼ ਗੋਇਲ ਨੇ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਅਤੇ ਰੇਲਵੇ ਟਰੈਕ ਖਾਲੀ ਕਰਵਾਉਣ ਦੀ ਅਪੀਲ ਕੀਤੀ ਹੈ।