Students will get entry : ਮੋਹਾਲੀ, 06 ਨਵੰਬਰ : ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਅਧੀਨ ਆਉਂਦੇ ਕਾਲਜਾਂ ਵਿੱਚ ਫਾਇਨਲ ਈਅਰ ਦੀਆ ਕਲਾਸਾਂ ਮਿਤੀ 9 ਨਵੰਬਰ ਅਤੇ ਬਾਕੀ ਰਹਿੰਦੇ ਸਾਲਾਂ ਦੀਆਂ ਕਲਾਸਾਂ ਮਿਤੀ 16 ਨਵੰਬਰ ਤੋਂ ਸ਼ੁਰੂ ਕਰਨ ਜਾ ਰਿਹਾ ਹੈ। ਕਲਾਸਾਂ ਸ਼ੁਰੂ ਕਰਨ ਅਤੇ ਹੋਸਟਲ ਖੋਲਣ ਸਬੰਧੀ ਐਸਓਪੀ ਤਿਆਰ ਕੀਤਾ ਗਿਆ ਹੈ, ਜਿਸ ਅਧੀਨ ਵਿਦਿਆਰਥੀਆਂ ਨੂੰ ਕੁਝ ਹਿਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
ਇਸ ਮੁਤਾਬਕ ਫਾਇਨਲ ਈਅਰ ਦੇ ਵਿਦਿਆਰਥੀ ਕਾਲਜ ਪਹੁੰਚਣ ਤੋਂ ਪਹਿਲਾਂ ਕੋਵਿਡ ਟੈਸਟ ਮਿਤੀ 6 ਨਵੰਬਰ ਜਾਂ ਉਸ ਤੋਂ ਬਾਅਦ ਅਤੇ ਬਾਕੀ ਰਹਿੰਦੇ ਸਾਲਾ ਦੇ ਵਿਦਿਆਰਥੀ ਕੇਵਿਡ ਟੈਸਟ ਮਿਤੀ 12 ਨਵੰਬਰ ਜਾਂ ਉਸ ਤੋਂ ਬਾਅਦ ਕਰਵਾ ਕੇ ਉਸ ਦੀ ਰਿਪੋਰਟ ਨੇਗੇਟਿਵ ਹੋਣ ਦੀ ਸੂਰਤ ਵਿੱਚ ਕਾਲਜ ਜੁਆਇਨ ਕਰਨਗੇ । ਜੇਕਰ ਕਿਸੇ ਵਿਦਿਆਰਥੀ ਦੀ ਰਿਪੋਰਟ ਪਾਜ਼ੀਟਿਵ ਆਉਂਦੀ ਹੈ ਤਾਂ ਉਹ ਵਿਦਿਆਰਥੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੀ ਕਾਲਜ ਵਿੱਚ ਜੁਆਇਨ ਕਰਨਗੇ। ਇਸ ਤੋਂ ਇਲਾਵਾ ਹਰ ਵਿਦਿਆਰਥੀ ਵੱਲੋਂ ਇਹ ਹਲਫੀਆ ਬਿਆਨ/ ਸਵੈ-ਘੋਸਣਾ ਦਿੱਤਾ ਜਾਵੇਗਾ ਕਿ ਉਸ ਵੱਲੋਂ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇਗਾ, ਜਿਸ ਵਿੱਚ ਮਾਸਕ ਲਗਾਉਣਾ, ਸੈਨੇਟਾਈਜ਼ੇਸ਼ਨ ਰੱਖਣੀ ਉਚਿਤ ਦੂਰੀ ਬਣਾਉਣਾ ਅਤੇ ਕਾਲਜ ਕੈਂਪਸ ਵਿੱਚ ਹੀ ਰਹਿੰਦੇ ਹੋਏ ਬਿਨਾਂ ਵਜ੍ਹਾ ਘੁੰਮਣ ਤੋਂ ਗੁਰੇਜ ਕਰਨਾ ਸ਼ਾਮਲ ਹੋਵੇਗਾ।
ਦੱਸ ਦੇਈਏ ਕਿ ਮੈਡੀਕਲ ਸਿੱਖਿਆ ਵਿਭਾਗ, ਪੰਜਾਬ ਨੇ ਅੱਜ ਮੈਡੀਕਲ ਕਾਲਜ, ਆਯੁਰਵੈਦ ਕਾਲਜ, ਡੈਂਟਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਦੀਆਂ ਪਿਛਲੇ ਸਾਲ ਦੀਆਂ ਕਲਾਸਾਂ 9 ਨਵੰਬਰ, 2020 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਪੱਤਰ ਅਨੁਸਾਰ ਮੈਡੀਕਲ ਕਾਲਜ, ਆਯੁਰਵੈਦ ਕਾਲਜ, ਡੈਂਟਲ ਕਾਲਜ ਅਤੇ ਕੰਨਟੇਨਮੈਂਟ ਜ਼ੋਨ ਦੇ ਬਾਹਰਲੇ ਖੇਤਰਾਂ ਵਿੱਚ ਪੈਂਦੇ ਨਰਸਿੰਗ ਕਾਲਜ ਮੁੜ ਖੋਲ੍ਹ ਦਿੱਤੇ ਜਾਣਗੇ। ਇਸ ਸਬੰਧ ਵਿੱਚ ਵਿਭਾਗ ਦੁਆਰਾ ਬੀਤੇ ਦਿਨ ਇੱਕ ਪੱਤਰ ਜਾਰੀ ਕੀਤਾ ਗਿਆ, ਜਿਸ ਅਨੁਸਾਰ ਕਲਾਸਾਂ ਦੇ ਬਾਕੀ ਸਾਲਾਂ ਦੀ ਸ਼ੁਰੂਆਤ 16 ਨਵੰਬਰ, 2020 ਤੋਂ ਸ਼ੁਰੂ ਕੀਤੀ ਜਾਏਗੀ ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਨੇ 30 ਸਤੰਬਰ ਨੂੰ ਵਿਦਿਅਕ ਸੰਸਥਾਵਾਂ ਖੋਲ੍ਹਣ ਲਈ ਦਿਸ਼ਾ- ਨਿਰਦੇਸ਼ ਜਾਰੀ ਕੀਤੇ ਸਨ। ਇਨ੍ਹਾਂ ਨਿਰਦੇਸ਼ਾਂ ਅਨੁਸਾਰ, ਸਰਕਾਰ ਨੇ ਅਜਿਹੇ ਵਿਦਿਆਰਥੀਆਂ ਲਈ ਇਕ ਇੰਸਟੀਚਿਊਟ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ, ਜਿਸ ਵਿਚ ਵਿਗਿਆਨ ਅਤੇ ਤਕਨਾਲੋਜੀ ਦੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਅਧਿਐਨ ਵਿਚ ਇਕ ਪ੍ਰਯੋਗਸ਼ਾਲਾ ਅਤੇ ਪ੍ਰੈਕਟੀਕਲ ਦੀ ਲੋੜ ਸੀ। ਕੇਂਦਰੀ ਗ੍ਰਹਿ ਮੰਤਰਾਲੇ ਦੇ ਉਕਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਪੰਜਾਬ ਸਰਕਾਰ ਨੇ 15 ਅਕਤੂਬਰ ਤੋਂ ਬਾਅਦ 12 ਅਕਤੂਬਰ ਨੂੰ ਰਾਜ ਵਿੱਚ ਇਨ੍ਹਾਂ ਉੱਚ ਵਿਦਿਅਕ ਸੰਸਥਾਵਾਂ ਨੂੰ ਖੋਲ੍ਹਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ।