BJP leader Surjit : ਚੰਡੀਗੜ੍ਹ : ਪੰਜਾਬ ‘ਚ 31 ਕਿਸਾਨ ਸੰਗਠਨਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਨਵੇਂ ਖੇਤੀ ਕਾਨੂੰਨਾਂ ਲਈ ਰਾਜ਼ੀ ਕਰਨ ਦੀ ਜ਼ਿੰਮੇਵਾਰੀ ਜਿਸ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਸੌਂਪੀ ਗਈ ਸੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ‘ਤੇ ਦੋਸ਼ ਲਗਾਇਆ ਹੈ ਕਿ ਕਿਸਾਨਾਂ ਨੂੰ ਗੱਲਬਾਤ ਵਾਸਤੇ ਨਾ ਬੁਲਾ ਕੇ ਭਾਜਪਾ ਗਲਤ ਟਰੈਕ ‘ਤੇ ਹੈ। ਜਿਆਣੀ ਇਸ ਗੱਲ ਤੋਂ ਨਾਰਾਜ਼ ਹਨ ਜਿਸ ਨਾਲ ਪਾਰਟੀ ‘ਚ ਕਾਫੀ ਹਲਚਲ ਹੈ। ਇਸੇ ਲਈ ਹੁਣ ਪਾਰਟੀ ਦੇ ਸੀਨੀਅਰ ਨੇਤਾ ਮਦਨ ਮੋਹਨ ਮਿੱਤਲ ਨੇ ਮੋਰਚਾ ਸੰਭਾਲਿਆ ਹੈ। ਸ਼ੁੱਕਰਵਾਰ ਦੀ ਸਵੇਰ ਜਿਆਣੀ ਨਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਖੁੱਲ੍ਹ ਕੇ ਗੱਲਬਾਤ ਕੀਤੀ। ਜਿਆਣੀ ਇਸ ਗੱਲ ਤੋਂ ਨਾਰਾਜ਼ ਸਨ ਕਿ ਉਨ੍ਹਾਂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸਾਰੇ ਕਿਸਾਨ ਸੰਗਠਨਾਂ ਨਾਲ ਗੱਲਬਾਤ ਕੀਤੀ ਹੈ ਪਰ ਫਿਰ ਵੀ ਸੂਬਾਈ ਯੂਨਿਟ ਉਨ੍ਹਾਂ ਦੀ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨਾਲ ਗੱਲਬਾਤ ਨਹੀਂ ਕਰਵਾ ਰਿਹਾ।
ਮਿੱਤਲ ਨੇ ਕਿਹਾ ਕਿ ਗੱਲਬਾਤ ਲਈ ਕਿਸਾਨਾਂ ਨੂੰ ਰਾਜ਼ੀ ਕਰੋ, ਕੇਂਦਰੀ ਖੇਤੀ ਮੰਤਰੀ ਨਾਲ ਉਹ ਮੀਟਿੰਗ ਕਰਵਾਉਣਗੇ। ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਸੁਰਜੀਤ ਜਿਆਣੀ ਨਾਰਾਜ਼ ਨਹੀਂ ਹਨ। ਉਨ੍ਹਾਂ ਦੀ ਗੱਲ ਹੋ ਚੁੱਕੀ ਹੈ। ਉਹ ਇਸ ਤੋਂ ਵੀ ਵੱਧ ਇਸ ਮਾਮਲੇ ‘ਚ ਕੁਝ ਨਹੀਂ ਬੋਲਣਾ ਚਾਹੁੰਦੇ। ਮਦਨ ਮੋਹਨ ਮਿੱਤਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਦੇ ਰਸਤੇ ਬੰਦ ਨਹੀਂ ਕੀਤੇ ਸਨ ਸਗੋਂ ਅਸੀਂ ਤਾਂ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ। ਗੱਲ ਇਸ ਲਈ ਨਹੀਂ ਹੋ ਰਹੀ ਕਿਉਂਕਿ ਸੰਗਠਨ ਇਸ ਗੱਲ ‘ਤੇ ਅੜੇ ਹਨ ਕਿ ਗੱਲਬਾਤ ਤੋਂ ਪਹਿਲਾਂ ਕੇਂਦਰੀ ਕਾਨੂੰਨ ਰੱਦ ਕੀਤੇ ਜਾਣ। ਮਿੱਤਲ ਨੇ ਕਿਹਾ ਕਿ ਇਹ ਸ਼ਰਤ ਮੰਨਣਯੋਗ ਨਹੀਂ ਹੈ।
ਕੇਂਦਰ ਸਰਕਾਰ ਨੇ ਜਦੋਂ ਕੇਂਦਰੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਆਪਣੇ 8 ਮੰਤਰੀਆਂ ਦੀ ਡਿਊਟੀ ਲਗਾਈ ਸੀ ਤਾਂ ਫਾਜ਼ਿਲਕਾ ‘ਚ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਦਾ ਪ੍ਰੋਗਰਾਮ ਖੁਦ ਸੁਰਜੀਤ ਜਿਆਣੀ ਨੇ ਕਰਵਾਇਆ ਸੀ। ਸੁਰਜੀਤ ਜਿਆਣੀ ਨੇ ਕਿਹਾ ਸੀ ਕਿ ਕਿਸਾਨਾਂ ਦੇ ਧਰਨਿਆਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਬਜਾਏ ਪਾਰਟੀ ਦੇ ਸੂਬਾਈ ਅਧਿਕਾਰੀਆਂ ਨੂੰ ਹਾਈਕਮਾਨ ਨੂੰ ਸਹੀ ਜਾਣਕਾਰੀ ਦੇਣੀ ਚਾਹੀਦੀ ਹੈ।