Punjab Govt send help of 50 thousand : ਜਲੰਧਰ : ਸੋਸ਼ਲ ਮੀਡੀਆ ਰਾਹੀਂ ਵਾਇਰਲ ਵੀਡੀਓ ਵਿੱਚ ਪਰੌਂਠੇ ਬਣਾਉਣ ਵਾਲੀ 70 ਸਾਲਾ ਬਜ਼ੁਰਗ ਬੇਬੇ ਕਮਲੇਸ਼ ਕੁਮਾਰੀ ਨੂੰ ਜਲੰਧਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਅੱਜ ਇੱਕ 50 ਹਜ਼ਾਰ ਦਾ ਚੈੱਕ ਦਿੱਤਾ। ਇਹ ਸਹਾਇਤਾ ਰਾਸ਼ੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ ’ਤੇ ਸੀਐਸਆਰ ਫੰਡਜ਼ ਵਿੱਚੋਂ ਬਜ਼ੁਰਗ ਉੱਦਮੀ ਨੂੰ ਉਤਸ਼ਾਹਤ ਕਰਨ ਲਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਇਸ ਬਜ਼ੁਰਗ ਬੇਬੇ ਨੂੰ ਇੱਕ ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਵੀ ਐਲਾਨ ਕੀਤਾ ਹੈ, ਜੋ ਛੇਤੀ ਹੀ ਉਨ੍ਹਾਂ ਤੱਕ ਪਹੁੰਚਾਈ ਜਾਏਗੀ।
ਦੱਸਣਯੋਗ ਹੈ ਕਿ ਇਸ ਬਜ਼ੁਰਗ ਔਰਤ ਦੀ ਸੋਸ਼ਲ ਮੀਡੀਆ ’ਤੇ ਬੀਤੇ ਕੁਝ ਦਿਨਾਂ ਤੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਕਮਲੇਸ਼ ਕੁਮਾਰੀ ਪਿਛਲੇ 30 ਸਾਲਾਂ ਤੋਂ ਫਗਵਾੜਾ ਗੇਟ ’ਤੇ ਪਰੌਂਠੇ ਬਣਾ ਕੇ ਆਪਣੀ ਜ਼ਿੰਦਗੀ ਬਿਤਾ ਰਹੀ ਹੈ। ਇਸ ਵੀਡੀਓ ਨੂੰ ਪੰਜਾਬੀ ਕਲਾਕਾਰ ਗੁਰਪਾਲ ਐਮੀ ਵਿਰਗ ਤੇ ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤਾ ਗਿਆ ਸੀ। ਵੀਡੀਓ ਨੂੰ ਸ਼ੇਅਰ ਕਰਦਿਆਂ ਦਿਲਜੀਤ ਦੋਸਾਂਝ ਨੇ ਲਿਖਿਆ, ‘ਫਗਵਾੜਾ ਗੇਟ ਦੇ ਕੋਲ ਬੈਠਦੇ ਨੇ ਬੀਜੀ। ਮੇਰੇ ਪਰੌਂਠੇ ਤਾਂ ਪੱਕੇ ਹੈ ਜਦੋਂ ਮੈਂ ਜਲੰਧਰ ਗਿਆ। ਤੁਸੀਂ ਵੀ ਜ਼ਰੂਰ ਜਾ ਕੇ ਆਈਓ। ਰੱਬ ਦੀ ਰਜ਼ਾ ‘ਚ ਰਹਿ ਕੇ ਹੱਸਣਾ ਕਿਸੇ-ਕਿਸੇ ਨੂੰ ਹੀ ਆਉਂਦਾ ਹੈ। ਰਿਸਪੈਕਟ।’
ਜ਼ਿਕਰਯੋਗ ਹੈ ਕਿ ਕਮਲੇਸ਼ ਕੁਮਾਰੀ ਦੇ ਪਤੀ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਹ ਸ਼ਾਮ ਤੋਂ ਅੱਧੀ ਰਾਤ ਤੱਕ ਬਹੁਤ ਸਸਤੀ ਕੀਮਤ ’ਤੇ ਪਰੌਂਠੇ ਬਣਾ ਕੇ ਵੇਚਦੀ ਹੈ ਅਤੇ ਆਪਣਾ ਗੁਜ਼ਾਰਾ ਚਲਾ ਰਹੀ ਹੈ। ਬਜ਼ੁਰਗ ਮਾਤਾ ਨੇ ਇਸੇ ਕੰਮ ਨਾਲ ਆਪਣਾ ਬੱਚਿਆਂ ਨੂੰ ਪਾਲਿਆ ਹੈ। ਇਸ ਉਮਰ ਵਿੱਚ ਵੀ ਉਸ ਨੂੰ ਮਜਬੂਰੀ ਵੱਸ ਇਹ ਕੰਮ ਕਰਨਾ ਪੈ ਰਿਹਾ ਹੈ ਪਰ ਉਹ ਇਸ ਵਿੱਚ ਮਾਣ ਮਹਿਸੂਸ ਕਰਦੀ ਹੈ। ਹਾਲਾਂਕਿ ਬੇਬੇ ਨੇ ਦੱਸਿਆ ਕਿ ਹੁਣ ਉਸ ਦਾ ਇਹ ਕੰਮ ਕਾਫੀ ਘੱਟ ਗਿਆ ਹੈ। ਲੋਕਾਂ ਵੱਲੋਂ ਬਜ਼ੁਰਗ ਔਰਤ ਦੀ ਇਸ ਵੀਡੀਓ ਨੂੰ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ ਤੋਂ ਇਹ ਪ੍ਰਸ਼ਾਸਨ ਦੇ ਮੁੱਖ ਮੰਤਰੀ ਤੱਕ ਪਹੁੰਚੀ, ਜਿਸ ਦੇ ਚੱਲਦਿਆਂ ਮੁੱਖ ਮੰਤਰੀ ਨੇ ਮਾਤਾ ਨੂੰ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ।