Attempt by robbers : ਜਿਲ੍ਹਾ ਜਲੰਧਰ ਵਿਖੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ ਤੇ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵੱਧ ਰਹੀਆਂ ਹਨ। ਜਲੰਧਰ ਦੇ ਰੁੜਕਾ ਕਲਾਂ ਵਿਖੇ ਲੁਟੇਰਿਆਂ ਵੱਲੋਂ ਭਾਰਤੀ ਸਟੇਟ ਬੈਂਕ ਦਾ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਹੂਟਰ ਵੱਜਣ ਕਾਰਨ ਚੋਰਾਂ ਦੀ ਕੋਸ਼ਿਸ ਅਸਫਲ ਹੋ ਗਈ। ਪਤਾ ਲੱਗਾ ਹੈ ਕਿ ਚੋਰਾਂ ਨੇ ਰਾਤ ਨੂੰ ਗੈਸ ਕਟਰ ਦੀ ਮਦਦ ਨਾਲ ਏ. ਟੀ. ਐੱਮ. ਕੱਟਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਪਹਿਲਾਂ ਸ਼ਟਰ ਨੂੰ ਤੋੜਿਆ ਤੇ ਅੰਦਰ ਪਹੁੰਚ ਕੇ ਕੈਮਰੇ ਦੇ ਉਪਰ ਬਲੈਕ ਪੇਂਟ ਦਾ ਸਪਰੇਅ ਕਰ ਦਿੱਤਾ ਪਰ ਮੌਕੇ ‘ਤੇ ਹੂਟਰ ਵੱਜ ਗਿਆ ਅਤੇ ਉਨ੍ਹਾਂ ਦੀ ਲੁੱਟ ਦੀ ਵਾਰਦਾਤ ਨਾਕਾਮ ਹੋ ਗਈ।
ਇਸ ਮੌਕੇ ਬੈਂਕ ਦੇ ਡਿਪਟੀ ਮੈਨੇਜਰ ਅਮਰੀਕ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫੋਨ ‘ਤੇ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼ ਦਾ ਪਤਾ ਲੱਗਾ ਪਰ ਹੂਟਰ ਵੱਜਣ ਕਾਰਨ ਚੋਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ‘ਚ ਅਸਫਲ ਹੋ ਗਏ। ਬੈਂਕ ਮੈਨੇਜਰ ਨੇ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋਣ ਤੋਂ ਇਨਕਾਰ ਕੀਤਾ ਹੈ। ਚੌਕੀ ਇੰਚਾਰਜ ਲਾਭ ਸਿੰਘ ਨੇ ਦੱਸਿਆ ਕਿ ਅਣਪਛਾਤੇ ਲੁਟੇਰਿਆਂ ਖਿਲਾਫ ਪਰਚਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਨੂੰ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਜੋ ਕੁਝ ਪਤਾ ਲਗਾਇਆ ਜਾ ਸਕੇ। ਜਾਂਚ ਤੋਂ ਬਾਅਦ ਇਹ ਗੱਲ ਸਾਹਣੇ ਆਈ ਹੈ ਕਿ ਰਾਤ ਦੌਰਾਨ ਕਾਰ ‘ਚ ਚਾਰ ਵਿਅਕਤੀ ਆਏ ਸਨ। ਉਹ ਆਪਣੇ ਗੱਡੀ ‘ਚ ਹੀ ਗੈਸ ਕਟਰ ਲੈ ਕੇ ਆਏ ਸਨ। ਉਨ੍ਹਾਂ ਕਿਹਾ ਕਿ ਪਹਿਲਾਂ ਚੋਰਾਂ ਨੇ ਗੈਸ ਕਟਰ ਦੀ ਮਦਦ ਨਾਲ ਸ਼ਟਰ ਨੂੰ ਤੋੜਿਆ ਤੇ ਫਿਰ ਕੈਮਰੇ ‘ਤੇ ਪੇਂਟ ਲਗਾ ਦਿੱਤਾ ਪਰ ਇਸੇ ਦੌਰਾਨ ਹੂਟਰ ਵੱਜ ਗਿਆ ਅਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।